ਫਾਜ਼ਿਲਕਾ : ਸੰਘਣੀ ਧੁੰਦ ਕਾਰਨ ਇਕ ਬੀਐਸਐਫ ਜਵਾਨ ਬੁੱਧਵਾਰ ਸਵੇਰੇ ਮੌਜ਼ਮ ਸਰਹੱਦੀ ਚੌਕੀ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ। ਦੱਸ ਦੇਈਏ ਕਿ ਪੰਜ ਦਿਨ ਪਹਿਲਾਂ ਵੀ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀ।
ਜਾਣਕਾਰੀ ਮੁਤਾਬਿਕ ਸਰਹੱਦ ‘ਤੇ ਗਸ਼ਤ ਕਰਦੇ ਸਮੇਂ 66ਵੀਂ ਬਟਾਲੀਅਨ ਵਿੱਚ ਸ਼ਾਮਲ ਅਮਿਤ ਪ੍ਰਸ਼ਾਦ ਕਥਿਤ ਤੌਰ ‘ਤੇ ਸੰਘਣੀ ਧੁੰਦ ਕਾਰਨ ਰਾਹ ਭਟਕ ਗਿਆ ਅਤੇ ਸਵੇਰੇ 6.30 ਵਜੇ ਜ਼ੀਰੋ ਲਾਈਨ ਪਾਰ ਕਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਸਾਦ ਨੂੰ ਪਾਕਿਸਤਾਨ ਰੇਂਜਰਸ ਨੇ ਗ੍ਰਿਫਤਾਰ ਕੀਤਾ ਹੈ। ਬੀਐਸਐਫ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਰੇਂਜਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਬੀਐਸਐਫ ਕਾਂਸਟੇਬਲ ਨੂੰ ਹਿਰਾਸਤ ਵਿੱਚ ਲਿਆ ਹੈ। ਸ਼ਾਮ ਤੱਕ ਉਸ ਨੂੰ ਬੀਐਸਐਫ ਦੇ ਹਵਾਲੇ ਨਹੀਂ ਕੀਤਾ ਗਿਆ ਸੀ।
ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਅਤੇ ਤਸਕਰੀ ਨੂੰ ਰੋਕਣ ਲਈ ਆਈਬੀ ਦੇ ਨਾਲ ਸਵੇਰੇ ਤੜਕੇ ਗਸ਼ਤ ਕਰਨਾ ਬੀਐਸਐਫ ਦੇ ਜਵਾਨਾਂ ਦਾ ਰੋਜ਼ਾਨਾ ਦਾ ਰੁਟੀਨ ਹੁੰਦਾ ਹੈ। 2 ਦਸੰਬਰ ਨੂੰ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਫਲੈਗ ਮੀਟਿੰਗ ਹੋਣ ਤੋਂ ਬਾਅਦ ਉਸੇ ਦਿਨ ਇੱਕ ਜਵਾਨ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ।