‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਅੱਜ ਪੰਜਾਬ ਨੂੰ ਮਾਲ ਗੱਡੀਆਂ ਰੋਕਣ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਨੇ ਪੰਜਾਬ ਦੇ ਦਿਹਾਤੀ ਵਿਕਾਸ ਫੰਡ ‘ਤੇ ਰੋਕ ਲਗਾ ਦਿੱਤੀ ਹੈ। ਕੇਂਦਰ ਸਰਕਾਰ ਨੇ ਪੰਜਾਬ ਤੋਂ RDF ਦਾ ਹਿਸਾਬ-ਕਿਤਾਬ ਮੰਗਿਆ ਹੈ। ਕੇਂਦਰ ਨੇ RDF ਦਾ ਪੈਸਾ ਕਿੱਥੇ-ਕਿੱਥੇ ਖਰਚਿਆ ਗਿਆ ਹੈ, ਬਾਰੇ ਹਿਸਾਬ ਮੰਗਿਆ ਹੈ। ਕੇਂਦਰ ਨੇ ਪ੍ਰੋਵੀਜ਼ਨਲ ਕਾਸਟ ਸ਼ੀਟ ਵਿੱਚ ਪੰਜਾਬ ਦੀ RDF ਨੂੰ ਜ਼ੀਰੋ ਕਰ ਦਿੱਤਾ ਹੈ।
ਹੁਣ, ਪੰਜਾਬ ਨੂੰ ਸਲਾਨਾ 1,700 ਕਰੋੜ ਦੇ ਕਰੀਬ ਆਉਣ ਵਾਲਾ ਫੰਡ ਨਹੀਂ ਮਿਲੇਗਾ। RDF ਮਤਲਬ ਰੂਰਲ ਡਵੈਲਪਮੈਂਟ ਫੰਡ, ਜਿਸ ਨਾਲ ਪੰਜਾਬ ਦੇ ਪਿੰਡਾਂ ਦਾ ਵਿਕਾਸ ਕੀਤਾ ਜਾਂਦਾ ਹੈ। ਇਸ ਪੈਸੇ ਨਾਲ ਪਿੰਡਾਂ ਦੀਆਂ ਸੜਕਾਂ, ਹਸਪਤਾਲ ਤੇ ਸਕੂਲਾਂ ਦੇ ਪ੍ਰਬੰਧ ਕਰਵਾਏ ਜਾਂਦੇ ਹਨ।
ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬੀਜੇਪੀ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ‘ਖੇਤੀ ਕਾਨੂੰਨ ਅਤੇ ਪੰਜਾਬ ਦੇ ਫ਼ੰਡ ਬੰਦ ਕਰਕੇ ਕੇਂਦਰ ਸਰਕਾਰ ਪੰਜਾਬ ਨਾਲ ਨਾ-ਇਨਸਾਫ਼ੀ ਕਰ ਰਹੀ ਹੈ। ਅਜਿਹੀਆਂ ਨੀਤੀਆਂ ਨਾਲ ਬੀਜੇਪੀ ਪੰਜਾਬ ਵਿੱਚ ਮੁੜ ਤੋਂ ਦਹਿਸ਼ਤਗਰਦੀ ਵਰਗਾ ਮਾਹੌਲ ਲਿਆਉਣਾ ਚਾਹੁੰਦੀ ਹੈ। ਜੇਕਰ ਅਜਿਹਾ ਹੋਇਆ ਤਾਂ ਇਸ ਦੀ ਅੱਗ ਪੂਰੇ ਦੇਸ਼ ਵਿੱਚ ਫੈਲੇਗੀ’।
ਭੂਸ਼ਣ ਆਸ਼ੂ ਨੇ ਤਰੁਣ ਚੁੱਘ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਰਬਨ ਨਕਸਲੀ ਵਾਲੇ ਬਿਆਨ ‘ਤੇ ਵੀ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ‘ਚੁੱਘ ਦਾ ਇਹ ਬਿਆਨ ਕਿਸਾਨਾਂ ਨੂੰ ਉਕਸਾਉਣ ਵਾਲਾ ਹੈ। ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਦੇ ਲਈ ਟਰੈਕ ਖ਼ਾਲੀ ਕਰ ਦਿੱਤੇ ਹਨ ਤਾਂ ਰੇਲਵੇ ਦਾ ਟ੍ਰੇਨ ਨਾ ਭੇਜਣ ਦਾ ਫ਼ੈਸਲਾ ਸਮਝ ਤੋਂ ਬਾਹਰ ਹੈ’।
ਆਸ਼ੂ ਨੇ ਕਿਹਾ ਕਿ ‘ਪਹਿਲਾਂ ਖੇਤੀ ਕਾਨੂੰਨ ਦੇ ਜ਼ਰੀਏ MSP ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਹੁਣ RDF ਬੰਦ ਕਰਕੇ ਪੰਜਾਬ ਸਰਕਾਰ ਦੇ ਹੱਕਾਂ ਨੂੰ ਢਾਹ ਲਾਈ ਜਾ ਰਹੀ ਹੈ।