Punjab

ਪੰਜਾਬ ਸਰਕਾਰ ਦਾ ਕਿਸਾਨਾਂ ਲਈ ਇੱਕ ਹੋਰ ਵੱਡਾ ਐਲਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਅੱਜ ਇੱਕ ਪੋਰਟਲ ਜਾਰੀ ਕੀਤਾ ਹੈ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਸ ਪੋਰਟਲ ਉੱਤੇ ਆਪਣਾ ਨਾਮ ਅਤੇ ਜਾਣਕਾਰੀ ਭਰ ਕੇ ਰਜਿਸ਼ਟ੍ਰੇਸ਼ਨ ਕਰ ਸਕਣਗੇ। ਰਜਿਸ਼ਟ੍ਰੇਸ਼ਨ ਦੇ ਬਾਅਦ ਕਿਸਾਨਾਂ ਨੂੰ ਸਰਕਾਰ ਦੀ ਸਕੀਮ ਦਾ ਲਾਭ ਮਿਲੇਗਾ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣ ਦੀ ਸਰਕਾਰ ਦੀ ਮੁਹਿੰਮ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜਿਹੜਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰੇਗਾ, ਉਸ ਨੂੰ ਸਹਾਇਤਾ ਰਾਸ਼ੀ ਦੇ ਤੌਰ ‘ਤੇ ਪੰਜਾਬ ਸਰਕਾਰ 1500 ਰੁਪਏ ਪ੍ਰਤੀ ਏਕੜ ਦੇਵੇਗੀ। ਜੇ ਕੋਈ ਕਿਸਾਨ ਝੋਨੇ ਦੀ ਬਿਜਾਈ ਨਾ ਕਰਕੇ ਮੂੰਗ ਦਾਲ ਦੀ ਫ਼ਸਲ ਬੀਜੇਗਾ ਜਾਂ ਮੀਂਹ ਦੇ ਮੌਸਮ ਵਿੱਚ ਬਾਸਮਤੀ ਝੋਨੇ ਦੀ ਖੇਤੀ ਕਰੇਗਾ, ਉਸ ਕਿਸਾਨ ਦੀ ਫ਼ਸਲ ਐਮ.ਐਸ.ਪੀ. ‘ਤੇ ਪੰਜਾਬ ਸਰਕਾਰ ਖ਼ੁਦ ਖਰੀਦੇਗੀ।

ਪੰਜਾਬ ਵਿੱਚ ਸਭ ਤੋਂ ਜ਼ਿਆਦਾ ਕਣਕ ਅਤੇ ਝੋਨੇ ਦੀ ਖੇਤੀ ਹੁੰਦੀ ਹੈ। ਆਮ ਤੌਰ ‘ਤੇ ਕਿਸਾਨਾਂ ਵੱਲੋਂ ਪਹਿਲਾਂ ਆਪਣੇ ਖੇਤਾਂ ਵਿੱਚ ਪਾਣੀ ਛੱਡ ਕੇ ਕੱਦੂ ਕਰਕੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਬੇਹੱਦ ਥੱਲੇ ਚਲਾ ਗਿਆ ਹੈ। ਪੰਜਾਬ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਰੀਬ 170 ਫੁੱਟ ਡੂੰਘਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਅਜਿਹੀਆਂ ਫ਼ਸਲਾਂ ਬੀਜਣ ਜਾਂ ਫ਼ਸਲਾਂ ਦੀ ਬਿਜਾਈ ਇਸ ਤਰ੍ਹਾਂ ਕੀਤੀ ਜਾਵੇ, ਜਿਸ ਨਾਲ ਪਾਣੀ ਦੀ ਖਪਤ ਘੱਟ ਤੋਂ ਘੱਟ ਹੋਵੇ।