India Punjab

ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਕਥਿਤ ਵੀਡੀਓ ਕਾਲ ਵਾਇਰਲ! ਪਾਕਿ ਡੌਨ ਭੱਟੀ ਨੂੰ ਦੇ ਰਿਹਾ ਈਦ ਦੀ ਵਧਾਈ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਕਥਿਤ ਵੀਡੀਓ ਕਾਲ ਵਾਇਰਲ ਹੋ ਗਈ ਹੈ ਜਿਸ ਵਿੱਚ ਉਹ ਪਾਕਿਸਤਾਨ ਦੇ ਬਦਨਾਮ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਕਾਲ ’ਤੇ ਉਹ ਲਾਰੈਂਸ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦਾ ਹੈ।

ਇਸ ਵੀਡੀਓ ਕਾਲ ਵਿੱਚ ਜਦੋਂ ਲਾਰੈਂਸ ਭੱਟੀ ਨੂੰ ਈਦ ਮੁਬਾਰਕ ਕਹਿੰਦਾ ਹੈ ਤਾਂ ਇਸ ‘ਤੇ ਭੱਟੀ ਨੇ ਕਿਹਾ- ਅੱਜ ਨਹੀਂ ਹੈ। ਦੁਬਈ ਆਦਿ ਵਿੱਚ ਅੱਜ ਹੋ ਗਈ ਹੈ। ਪਾਕਿਸਤਾਨ ਵਿੱਚ ਕੱਲ੍ਹ ਹੋਵੇਗੀ। ਇਸ ‘ਤੇ ਲਾਰੈਂਸ ਨੇ ਕਿਹਾ ਕਿ ਪਾਕਿਸਤਾਨ ‘ਚ ਅੱਜ ਨਹੀਂ ਹੈ। ਇਸ ‘ਤੇ ਭੱਟੀ ਨੇ ਜਵਾਬ ਦਿੱਤਾ ਕਿ ਨਹੀਂ… ਨਹੀਂ ਅੱਜ ਨਹੀਂ। ਦੂਜੇ ਦੇਸ਼ਾਂ ਵਿੱਚ ਅੱਜ ਹੋ ਗਈ ਹੈ ਪਰ ਪਾਕਿਸਤਾਨ ਵਿੱਚ ਕੱਲ੍ਹ ਹੋਵੇਗੀ। ਇਸ ‘ਤੇ ਲਾਰੈਂਸ ਨੇ ਕਿਹਾ ਕਿ ਉਹ ਕੱਲ੍ਹ ਫੋਨ ਕਰਕੇ ਵਧਾਈ ਦੇਵੇਗਾ।

ਸਿਗਨਲ ਐਪ ਰਾਹੀਂ ਵੀਡੀਓ ਕਾਲ

ਸੂਤਰਾਂ ਮੁਤਾਬਕ ਲਾਰੈਂਸ ਤੇ ਭੱਟੀ ਵਿਚਾਲੇ ਇਹ ਵੀਡੀਓ ਕਾਲ ਸਿਗਨਲ ਐਪ ਰਾਹੀਂ ਕੀਤੀ ਗਈ ਸੀ। ਇਸ ਰਾਹੀਂ ਕੀਤੀਆਂ ਗਈਆਂ ਕਾਲਾਂ ਨੂੰ ਟਰੇਸ ਕਰਨਾ ਆਸਾਨ ਨਹੀਂ ਹੈ। ਸੁਰੱਖਿਆ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਲਾਰੈਂਸ ਜੇਲ ‘ਚ ਬੈਠ ਕੇ ਇਸ ਸਿਗਨਲ ਐਪ ਰਾਹੀਂ ਆਪਣਾ ਪੂਰਾ ਗੈਂਗ ਚਲਾ ਰਿਹਾ ਹੈ।

ਪੁਲਿਸ ਵੱਲੋਂ ਨਹੀਂ ਆਇਆ ਕੋਈ ਬਿਆਨ

ਇਸ 17 ਸੈਕਿੰਡ ਦੀ ਵੀਡੀਓ ਕਾਲ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਨਹੀਂ ਆਇਆ ਹੈ। ਲਾਰੈਂਸ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਅਜਿਹੇ ‘ਚ ਉਸ ਦੀ ਵੀਡੀਓ ਕਾਲ ਵਾਇਰਲ ਹੋਣਾ ਵੱਡੇ ਸਵਾਲ ਖੜੇ ਕਰਦੀ ਹੈ। ਫਿਲਹਾਲ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਬਦਨਾਮ ਮਾਫੀਆ ਡਾਨ ਸ਼ਹਿਜ਼ਾਦ ਭੱਟੀ, ਜਿਸ ਨਾਲ ਲਾਰੈਂਸ ਗੱਲ ਕਰ ਰਿਹਾ ਹੈ, ਉਹ ਪਾਕਿਸਤਾਨ ‘ਚ ਕਤਲ, ਭੂ-ਮਾਫੀਆ, ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲਿਆਂ ‘ਚ ਨਾਮਜ਼ਦ ਹੈ।

ਪੁਲਿਸ ਮੁਤਾਬਕ ਗੈਂਗਸਟਰ ਲਾਰੈਂਸ ਇਸ ਸਮੇਂ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਵਿੱਚ ਬੰਦ ਹੈ। ਉੱਥੋਂ ਪਾਕਿਸਤਾਨੀ ਡੌਨ ਭੱਟੀ ਨਾਲ ਵੀਡੀਓ ਕਾਲ ‘ਤੇ ਗੱਲਬਾਤ ਹੋਣ ਦਾ ਸ਼ੱਕ ਹੈ। ਪਿਛਲੇ ਸਾਲ ਸਤੰਬਰ ਵਿੱਚ ਲਾਰੈਂਸ ਨੂੰ ਗੁਜਰਾਤ ਲਿਜਾਇਆ ਗਿਆ ਸੀ।
ਇਸ ਬਾਰੇ ਸਾਬਰਮਤੀ ਕੇਂਦਰੀ ਜੇਲ੍ਹ ਦੇ ਡੀਵਾਈਐਸਪੀ ਪਰੇਸ਼ ਸੋਲੰਕੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਸਾਡੇ ਧਿਆਨ ਵਿੱਚ ਨਹੀਂ ਆਈ ਹੈ। ਅਸੀਂ ਇਸ ਦੀ ਜਾਂਚ ਕਰਾਂਗੇ। ’ਦ ਖ਼ਾਲਸ ਟੀਵੀ ਵੀ ਇਸ ਵੀਡੀਓ ਕਾਲ ਦੀ ਪੁਸ਼ਟੀ ਨਹੀਂ ਕਰਦਾ।

ਹਾਲਾਂਕਿ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਕਥਿਤ ਵੀਡੀਓ ਨੂੰ ਆਪਣੇ ਐਕਸ ਹੈਂਡਲ ਤੋਂ ਸ਼ੇਅਰ ਕਰਕੇ ਸਵਾਲ ਖੜੇ ਕੀਤੇ ਹਨ।

ਇਹ ਵੀ ਪੜ੍ਹੋ – 1 ਕਰੋੜ ਦੀ ਲੁੱਟ ਦੇ ਮਾਮਲੇ ’ਚ ਬਰਖ਼ਾਸਤ ਸਬ-ਇੰਸਪੈਕਟਰ ਪਹੁੰਚਿਆ ਹਾਈਕੋਰਟ! ਕਿਹਾ – “ਕਈ ਅਫ਼ਸਰਾਂ ਦੇ ਖੋਲ੍ਹਾਂਗਾ ਰਾਜ਼!”