Punjab

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਮਾਮਲੇ ‘ਚ ਪੁਲਿਸ ਵੱਲੋਂ ਇੱਕ ਹੋਰ ਮੁਲਜ਼ਮਿ ਗ੍ਰਿਫਤਾਰ , ਦਿੱਲੀ ਸਪੈਸ਼ਲ ਸੈੱਲ ਨੇ ਕੀਤਾ ਕਾਬੂ…

Another accused has been arrested by the police in the case of Kabaddi player Sandeep Nangal Ambia, Delhi Special Cell has arrested...

ਦਿੱਲੀ ਸਪੈਸ਼ਲ ਸੈੱਲ ਨੇ ਪੰਜਾਬ ਦੇ ਇੰਟਰਨੈਸ਼ਨਲ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਸ਼ੂਟਰ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 14 ਮਾਰਚ 2022 ਨੂੰ ਸੰਦੀਪ ਨੰਗਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਹੈਰੀ ਫਰਾਰ ਸੀ। ਹੁਣ ਗੈਂਗਸਟਰ ਕੌਸ਼ਲ ਦੇ ਸਾਥੀ ਮੁਲਜ਼ਮ ਹੈਰੀ ਨੂੰ ਜਾਲ ਵਿਛਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੰਜਾਬ ਦੀ ਜਲੰਧਰ ਪੁਲਿਸ ਸੰਦੀਪ ਦੇ ਕਤਲ ਤੋਂ ਬਾਅਦ ਸ਼ੂਟਰ ਹੈਰੀ ਦੀ ਭਾਲ ਕਰ ਰਹੀ ਸੀ। ਦਿੱਲੀ ਪੁਲਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਸਕਦੀ ਹੈ। ਸੰਦੀਪ ਕਤਲ ਕਾਂਡ ਦੇ ਫ਼ਰਾਰ ਮੁਲਜ਼ਮ ਪੁਨੀਤ ਅਤੇ ਲਾਲੀ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਸਿਰਫ ਜਲੰਧਰ ਪੁਲਿਸ ਹੀ ਨਹੀਂ ਸਗੋਂ ਹੋਰ ਵੀ ਕਈ ਜ਼ਿਲਾ ਪੁਲਿਸ ਦੋਸ਼ੀਆਂ ਦੀ ਭਾਲ ‘ਚ ਸੀ।

ਅਸਲ ‘ਚ ਸੰਦੀਪ ਕਤਲ ਕੇਸ ‘ਚ ਇਸ ਸਮੇਂ ਕੈਨੇਡਾ ‘ਚ ਬੈਠੇ ਅੰਮ੍ਰਿਤਸਰ ਦੇ ਸਨੋਵਰ ਢਿੱਲੋਂ, ਮਲੇਸ਼ੀਆ ‘ਚ ਰਹਿ ਰਹੇ ਸੁਖਵਿੰਦਰ ਸਿੰਘ ਦੁਨੋਕੇ ਉਰਫ ਸੁੱਖਾ ਸਿੰਘ, ਜਲੰਧਰ ਹਾਈਟਸ ਤੋਂ ਗ੍ਰਿਫਤਾਰ ਕੀਤੇ ਗਏ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਅਤੇ ਅਮਰੀਕਾ ਨਿਵਾਸੀ ਸੱਬਾ ਖਿਆੜਾ ਦੇ ਨਾਂ ਸ਼ਾਮਲ ਹਨ।

ਇਹ ਸੀ ਸਾਰਾ ਮਾਮਲਾ

ਦੱਸ ਦਈਏ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਸ਼ਾਮ 6 ਵਜੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ 40 ਸਾਲਾਂ ਦੇ ਸਨ। ਪੁਲਿਸ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਮੱਲੀਆਂ ਖੁਰਦ ‘ਚ ਜਦੋਂ ਸੰਦੀਪ ਟੂਰਨਾਮੈਂਟ ਵਾਲੀ ਥਾਂ ਤੋਂ ਬਾਹਰ ਆਇਆ ਤਾਂ ਚਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ।

ਦੱਸਣਯੋਗ ਹੈ ਕਿ ਕਬੱਡੀ ਖਿਡਾਰੀ ‘ਤੇ ਅੱਠ ਤੋਂ 10 ਗੋਲੀਆਂ ਚਲਾਈਆਂ ਗਈਆਂ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ, ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਇਸ ਕਤਲ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਪੁਲਿਸ ਟੀਮ ਨੇ ਕਾਰ ਚਾਲਕ ਯਾਦਵਿੰਦਰ ਸਿੰਘ ਉਰਫ਼ ਯਾਦ ਨੂੰ ਵੀ ਗਿ੍ਫ਼ਤਾਰ ਕਰ ਲਿਆ ਸੀ, ਜਿਸ ਪਾਸੋਂ ਨਾਜਾਇਜ਼ ਹਥਿਆਰਾਂ ਨਾਲ ਭਰੀ ਗੱਡੀ ਵੀ ਬਰਾਮਦ ਹੋਈ ਸੀ। ਜੇਲ੍ਹ ਤੋਂ ਰਿਮਾਂਡ ‘ਤੇ ਆਏ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਸਨਾਵਰ ਦੇ ਕਹਿਣ ‘ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ।

ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਗਠਨ ਕੈਨੇਡਾ ਬੈਠੇ ਸਨਾਵਰ ਢਿੱਲੋਂ ਨੇ ਕੀਤਾ ਸੀ। ਉਸ ਨੇ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿਚ ਸ਼ਾਮਲ ਹੋਣ ਲਈ ਕਿਹਾ, ਪਰ ਜ਼ਿਆਦਾਤਰ ਵੱਡੇ ਖਿਡਾਰੀ ‘ਮੇਜਰ ਲੀਗ ਕਬੱਡੀ’ ਨਾਲ ਜੁੜੇ ਹੋਏ ਸਨ, ਜਿਸ ਦਾ ਸੰਚਾਲਨ ਸੰਦੀਪ ਨੰਗਲ ਨੇ ਕੀਤਾ। ਸਨਾਵਰ ਨੇ ਵੀ ਸੰਦੀਪ ਨੂੰ ਆਪਣੀ ਲੀਗ ਲਈ ਸੱਦਾ ਦਿੱਤਾ, ਪਰ ਸੰਦੀਪ ਇਨਕਾਰ ਕਰ ਦਿੱਤਾ ਸੀ।

ਪੁੱਛਗਿੱਛ ਦੌਰਾਨ ਫਤਿਹ ਨੇ ਦੱਸਿਆ ਕਿ ਸਨਾਵਰ ਨੇ ਕੁਝ ਖਿਡਾਰੀਆਂ ‘ਤੇ ਫੈਡਰੇਸ਼ਨ ‘ਚ ਸ਼ਾਮਲ ਹੋਣ ਲਈ ਦਬਾਅ ਵੀ ਪਾਇਆ ਪਰ ਕੋਈ ਵੀ ਤਿਆਰ ਨਹੀਂ ਹੋਇਆ। ਇਸ ਕਾਰਨ ਢਿੱਲੋਂ ਦੀ ਫੈਡਰੇਸ਼ਨ ਫੇਲ੍ਹ ਹੋ ਗਈ। ਸਨਾਵਰ ਫੈਡਰੇਸ਼ਨ ਦੀ ਨਾਕਾਮੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ।

ਇਸ ਦੁਸ਼ਮਣੀ ਵਿੱਚ ਉਸ ਨੇ ਜਗਜੀਤ ਗਾਂਧੀ ਅਤੇ ਸੁਖਵਿੰਦਰ ਸੁੱਖਾ ਨਾਲ ਮਿਲ ਕੇ ਸੰਦੀਪ ਅੰਬੀਆ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸਨਾਵਰ ਢਿੱਲੋਂ ਭਾਵੇਂ ਅੰਮ੍ਰਿਤਸਰ ਦਾ ਵਸਨੀਕ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਕੈਨੇਡਾ ਦੇ ਬਰੈਂਪਟਨ (ਓਨਟਾਰੀਓ) ਵਿੱਚ ਰਹਿ ਰਿਹਾ ਹੈ। ਉਹ ਇੱਕ ਕੈਨੇਡੀਅਨ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ-ਨਿਰਦੇਸ਼ਕ ਹੈ। ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਪਿੰਡ ਦੁੱਨੇਕੇ ਮੋਗਾ ਦਾ ਰਹਿਣ ਵਾਲਾ ਹੈ। ਉਹ ਵੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਹੈ। ਜਦੋਂ ਕਿ ਤੀਜਾ ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਸਮੇਂ ਗਾਂਧੀ ਮਲੇਸ਼ੀਆ ਵਿੱਚ ਰਹਿੰਦੇ ਹਨ।