ਅਮਰੀਕਾ ਦੇ ਓਰੇਗਨ ਸੂਬੇ ਵਿੱਚ 24 ਨਵੰਬਰ ਦੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਅਮਰੀਕੀ ਨਾਗਰਿਕਾਂ ਵਿਲੀਅਮ ਕਾਰਟਰ ਤੇ ਜੈਨੀਫਰ ਲੋਅਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਮੁਲਜ਼ਮ 32 ਸਾਲਾ ਭਾਰਤੀ ਟਰੱਕ ਡਰਾਇਵਰ ਰਾਜਿੰਦਰ ਕੁਮਾਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਮੁਤਾਬਕ ਰਾਜਿੰਦਰ ਨੇ ਆਪਣਾ ਵੱਡਾ ਟਰਾਲਾ ਹਾਈਵੇਅ ’ਤੇ ਲਾਪਰਵਾਹੀ ਨਾਲ ਖੜ੍ਹਾ ਕਰ ਦਿੱਤਾ ਸੀ, ਜਿਸ ਕਾਰਨ ਦੋਵੇਂ ਲੇਨਾਂ ਬਲਾਕ ਹੋ ਗਈਆਂ। ਹਨ੍ਹੇਰੇ ਵਿੱਚ ਚੇਤਾਵਨੀ ਲਾਈਟਾਂ ਜਾਂ ਰਿਫਲੈਕਟਰ ਨਾ ਹੋਣ ਕਾਰਨ ਤੇਜ਼ ਰਫ਼ਤਾਰ ਕਾਰ ਸਿੱਧੀ ਟਰਾਲੇ ਨਾਲ ਟਕਰਾ ਗਈ। ਰਾਜਿੰਦਰ ਨੂੰ ਕੋਈ ਸੱਟ ਨਹੀਂ ਆਈ।
ਮੀਡੀਆ ਰਿਪੋਰਟਾਂ ਅਨੁਸਾਰ ਰਾਜਿੰਦਰ ਕੁਮਾਰ 2022 ਵਿੱਚ ਏਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵੜਿਆ ਸੀ। ਬਾਈਡਨ ਪ੍ਰਸ਼ਾਸਨ ਨੇ ਉਸ ਨੂੰ ਡਿਪੋਰਟ ਨਹੀਂ ਕੀਤਾ ਤੇ ਕੈਲੀਫੋਰਨੀਆ ਨੇ ਉਸ ਨੂੰ ਗੈਰ-ਨਿਵਾਸੀ CDL (ਕਮਰਸ਼ੀਅਲ ਡਰਾਈਵਿੰਗ ਲਾਇਸੈਂਸ) ਜਾਰੀ ਕਰ ਦਿੱਤਾ ਸੀ। ਹੁਣ ਉਸ ’ਤੇ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ (ICE) ਵੱਲੋਂ ਵੀ ਹਿਰਾਸਤ ਦਾ ਨੋਟਿਸ ਜਾਰੀ ਹੋ ਚੁੱਕਾ ਹੈ।
ਉਸ ’ਤੇ ਲੱਗੇ ਦੋਸ਼
- ਅਪਰਾਧਿਕ ਲਾਪਰਵਾਹੀ ਨਾਲ ਹੱਤਿਆ (Criminally negligent homicide)
- ਲਾਪਰਵਾਹੀ ਨਾਲ ਦੂਜਿਆਂ ਦੀ ਜਾਨ ਖ਼ਤਰੇ ਵਿੱਚ ਪਾਉਣਾ
ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ (DHS) ਦੀ ਸਹਾਇਕ ਸਕੱਤਰ ਟ੍ਰਿਸਿਆ ਮੈਕਲਾਘਲਿਨ ਨੇ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ, “ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ 18-ਚੱਕੇ ਵਾਲੇ ਭਾਰੀ ਟਰੱਕ ਚਲਾਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਹੋਰ ਕਿੰਨੀਆਂ ਮਾਸੂਮ ਜਾਨਾਂ ਜਾਣਗੀਆਂ?”
ਇਸ ਤੋਂ ਪਹਿਲਾਂ ਅਗਸਤ ਮਹੀਨੇ ਫਲੋਰੀਡਾ ਵਿਚ ਹਰਜਿੰਦਰ ਸਿੰਘ ਦੇ ਕਥਿਤ ਤੌਰ ’ਤੇ ਗ਼ਲਤ ਯੂ-ਟਰਨ ਲੈਣ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਸ ਤੋਂ ਬਾਅਦ ਅਕਤੂਬਰ ਮਹੀਨੇ ਜਸ਼ਨਪ੍ਰੀਤ ਸਿੰਘ ਨੇ ਕੈਲੀਫੋਰਨੀਆ ਦੇ ਇਕ ਰਾਜਮਾਰਗ ’ਤੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ, ਇਸ ਹਾਦਸੇ ਵਿਚ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਟਰੰਪ ਸਰਕਾਰ ਨੇ ਐਮਰਜੈਂਸੀ ਨਿਯਮ ਲਿਆਂਦੇ ਸਨ ਕਿ ਗੈਰ-ਨਿਵਾਸੀ CDL ਲੈਣ ਲਈ ਰੁਜ਼ਗਾਰ ਵੀਜ਼ਾ ਤੇ ਸਖ਼ਤ ਜਾਂਚ ਲਾਜ਼ਮੀ ਹੋਵੇਗੀ, ਪਰ ਡੈਮੋਕ੍ਰੇਟ ਸਮਰਥਕ ਟਰੱਕ ਯੂਨੀਅਨਾਂ ਨੇ ਅਦਾਲਤ ਵਿੱਚ ਮੁਕੱਦਮਾ ਕਰਕੇ ਇਨ੍ਹਾਂ ਨਿਯਮਾਂ ਨੂੰ ਰੋਕ ਦਿੱਤਾ।ਹਾਲ ਹੀ ਵਿੱਚ ਟਰਾਂਸਪੋਰਟ ਸਕੱਤਰ ਸੀਨ ਡਫ਼ੀ ਨੇ ਖ਼ੁਲਾਸਾ ਕੀਤਾ ਕਿ ਕੈਲੀਫੋਰਨੀਆ ਨੇ ਗੈਰ-ਕਾਨੂੰਨੀ ਤਰੀਕੇ ਨਾਲ 17,000 ਗੈਰ-ਨਿਵਾਸੀ CDL ਜਾਰੀ ਕੀਤੇ। ਇਸ ਕਾਰਨ ਸੂਬੇ ਦੀ ਕਰੋੜਾਂ ਡਾਲਰ ਦੀ ਗ੍ਰਾਂਟ ਰੋਕ ਦਿੱਤੀ ਗਈ, 3000 ਸਿਖਲਾਈ ਸੈਂਟਰ ਬੰਦ ਕਰ ਦਿੱਤੇ ਗਏ ਤੇ 4000 ਨੂੰ ਨੋਟਿਸ ਜਾਰੀ ਕੀਤਾ ਗਿਆ।

