‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਦਾ ਇੱਕ ਵਫ਼ਦ ਪੱਛਮੀ ਬੰਗਾਲ ਅਤੇ ਅਸਾਮ ਜਾ ਕੇ ਵੋਟਰਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕਰਨਗੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਤਿੰਨ ਦਿਨਾ ਪ੍ਰੋਗਰਾਮ 12 ਮਾਰਚ ਤੋਂ ਸ਼ੁਰੂ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨੀ ਮੋਰਚੇ ਦੌਰਾਨ ਹੁਣ ਤੱਕ 280 ਮੌਤਾਂ ਹੋ ਚੁੱਕੀਆਂ ਹਨ। ਅੱਜ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ 50 ਸਾਲਾ ਕਿਸਾਨ ਰਾਧੇਸ਼ਿਆਮ ਦੀ ਟਿਕਰੀ ਬਾਰਡਰ ‘ਤੇ ਮੌਤ ਹੋ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਬਿਜ਼ਨੌਰ ਤੋਂ ਬਾਅਦ ਕਿਸਾਨ ਮਜ਼ਦੂਰ ਚੇਤਨਾ ਮੁਹਿੰਮ ਕੱਲ੍ਹ ਉੱਤਰਾਖੰਡ ਦੇ ਜਸਪੁਰ ਵਿੱਚ ਦਾਖ਼ਲ ਹੋਈ। ਇਸ ਯਾਤਰਾ ਤਹਿਤ ਕਿਸਾਨ ਲੀਡਰਾਂ ਨੇ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਪ੍ਰਚਾਰ ਕੀਤਾ ਅਤੇ ਹੁਣ ਤੱਕ 200 ਤੋਂ ਵੱਧ ਪਿੰਡਾਂ ਅਤੇ ਕਸਬਿਆਂ ਨੂੰ ਨਾਲ ਜੋੜਿਆ ਹੈ। ਅੱਜ ਇਹ ਕਾਫ਼ਲਾ ਦਿਨੇਸ਼ਪੁਰ ਪਹੁੰਚ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਨੇ ਨੌਦੀਪ ਕੌਰ ਅਤੇ ਉਸਦੇ ਸਾਥੀਆਂ ‘ਤੇ ਕੱਲ੍ਹ ਏਬੀਵੀਪੀ ਵੱਲੋਂ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਕੱਲ੍ਹ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਲੀ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਦੌਰਾਨ ਨੌਦੀਪ ਕੌਰ ਅਤੇ ਉਸਦੇ ਸਾਥੀਆਂ ‘ਤੇ ਹਮਲਾ ਕੀਤਾ ਗਿਆ ਸੀ।