ਪੰਜਾਬੀਆਂ ਨੇ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਨੂੰ ਰੁਖ ਕਰਕੇ ਜਿੱਥੇ ਆਪਣੀ ਆਰਥਿਕ ਤੰਗੀ ਦੂਰ ਕੀਤੀ ਹੈ, ਉਥੇ ਹੀ ਵਿਦੇਸ਼ਾਂ ਦੀ ਰਾਜਨੀਤੀ ਵਿਚ ਵੀ ਆਪਣੇ ਝੰਡੇ ਗੱਡੇ ਹਨ। ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕੇ ਦੇ ਅਨਮੋਲਦੀਪ ਸਿੰਘ ਨੇ ਬ੍ਰਿਟੇਨ ਦੀ ਵੱਕਾਰੀ ਰਾਇਲ ਗਾਰਡ ਵਿੱਚ ਸਥਾਨ ਹਾਸਲ ਕਰਕੇ ਮਾਣਮੱਤਾ ਕਾਰਨਾਮਾ ਕੀਤਾ ਹੈ। ਰਵਾਇਤੀ ਸਿੱਖ ਦਸਤਾਰ ਅਤੇ ਦਾੜ੍ਹੀ ਨਾਲ ਸਜੇ ਅਨਮੋਲਦੀਪ ਹੁਣ ਬਕਿੰਘਮ ਪੈਲੇਸ ਵਿੱਚ ਸੇਵਾ ਨਿਭਾਉਣਗੇ, ਜੋ ਸਿੱਖ ਭਾਈਚਾਰੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਉਹ ਉਨ੍ਹਾਂ ਚੋਣਵੇਂ ਸਿੱਖ ਨੌਜਵਾਨਾਂ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਇਸ ਪੱਧਰ ਦੀ ਪ੍ਰਾਪਤੀ ਹਾਸਲ ਕੀਤੀ।ਅਨਮੋਲਦੀਪ 2019 ਵਿੱਚ ਵਿਦਿਆਰਥੀ ਵਜੋਂ ਬ੍ਰਿਟੇਨ ਗਏ ਸਨ, ਪਰ ਉਨ੍ਹਾਂ ਦਾ ਸੁਪਨਾ ਫੌਜ ਵਿੱਚ ਸ਼ਾਮਲ ਹੋਣ ਅਤੇ ਸੇਵਾ ਨਿਭਾਉਣ ਦਾ ਸੀ। ਉਨ੍ਹਾਂ ਦੇ ਪਰਿਵਾਰ ਦੀ ਫੌਜੀ ਪਰੰਪਰਾ ਵੀ ਪ੍ਰੇਰਣਾਦਾਇਕ ਹੈ, ਕਿਉਂਕਿ ਉਨ੍ਹਾਂ ਦੇ ਪਿਤਾ, ਦਾਦਾ ਅਤੇ ਪੜਦਾਦਾ ਭਾਰਤੀ ਫੌਜ ਵਿੱਚ ਸੇਵਾ ਕਰ ਚੁੱਕੇ ਹਨ। ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ, ਅਨਮੋਲਦੀਪ ਨੇ ਰਾਇਲ ਗਾਰਡ ਵਿੱਚ ਜਗ੍ਹਾ ਬਣਾਈ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਪਿੰਡ ਲੋਹਕੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਲੋਕ ਇਸ ਨੂੰ ਪੰਜਾਬੀ ਨੌਜਵਾਨਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸੇਵਾ ਭਾਵਨਾ ਦੀ ਮਿਸਾਲ ਮੰਨ ਰਹੇ ਹਨ। ਅਨਮੋਲਦੀਪ ਦੀ ਸਿੱਖ ਪਛਾਣ ਨਾਲ ਸੇਵਾ ਨਿਭਾਉਣਾ ਵਿਸ਼ਵ ਪੱਧਰ ‘ਤੇ ਸਿੱਖੀ ਦੇ ਮਾਣ ਨੂੰ ਵਧਾਉਣ ਵਾਲਾ ਕਦਮ ਹੈ।ਰਾਇਲ ਗਾਰਡ ਬ੍ਰਿਟਿਸ਼ ਰਾਜਸ਼ਾਹੀ ਦੀ ਸਭ ਤੋਂ ਵੱਕਾਰੀ ਫੌਜੀ ਇਕਾਈਆਂ ਵਿੱਚੋਂ ਇੱਕ ਹੈ, ਜੋ ਸ਼ਾਹੀ ਮਹਿਲਾਂ ਦੀ ਸੁਰੱਖਿਆ ਅਤੇ ਰਾਜ ਸਮਾਰੋਹਾਂ ਦੀ ਸੁਰੱਖਿਆ ਲਈ ਜਾਣੀ ਜਾਂਦੀ ਹੈ।
ਬਕਿੰਘਮ ਪੈਲੇਸ, ਜੋ ਬ੍ਰਿਟਿਸ਼ ਰਾਜਸ਼ਾਹੀ ਦਾ ਅਧਿਕਾਰਤ ਨਿਵਾਸ ਹੈ, ਵਿੱਚ ਰਾਇਲ ਗਾਰਡ ਦੀ ਗਾਰਡ ਬਦਲਣ ਦੀ ਰਸਮ ਦੁਨੀਆ ਭਰ ਵਿੱਚ ਮਸ਼ਹੂਰ ਹੈ। ਅਨਮੋਲਦੀਪ ਦੀ ਇਸ ਸਥਾਨ ‘ਤੇ ਨਿਯੁਕਤੀ ਨਾ ਸਿਰਫ਼ ਉਸ ਦੀ ਨਿੱਜੀ ਸਫਲਤਾ, ਸਗੋਂ ਪੰਜਾਬੀ ਅਤੇ ਸਿੱਖ ਸਮਾਜ ਦੀ ਵਿਸ਼ਵ ਪੱਧਰ ‘ਤੇ ਪਛਾਣ ਵਧਾਉਣ ਵਾਲੀ ਘਟਨਾ ਹੈ।