India Punjab

ਅਨਿਲ ਵਿਜ ਨੇ ਸਿਰ ਭੰਨਣ ਵਾਲੇ ਐੱਸਡੀਐੱਮ ਦਾ ਪਲੋਸਿਆ ਸਿਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸਾਨਾਂ ਦਾ ਸਿਰ ਭੰਨਣ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਦਾ ਗੋਲਮੋਲ ਬਿਆਨ ਨਾਲ ਬਚਾਅ ਕੀਤਾ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਰਨਾਲ ਮਾਮਲੇ ਦੀ ਜਾਂਚ ਕਰਵਾਉਣ ਲਈ ਤਿਆਰ ਹੈ। ਇਸ ਵਿੱਚ ਐੱਸਡੀਐੱਮ ਦਾ ਉਹ ਵਿਵਾਦ ਖੜ੍ਹਾ ਕਰਨ ਵਾਲਾ ਹੁਕਮ ਵੀ ਸ਼ਾਮਿਲ ਹੈ, ਜਿਸਨੂੰ ਲੈ ਕੇ ਕਿਸਾਨ ਧਰਨਾ ਦੇ ਰਹੇ ਹਨ। ਹਾਲਾਂਕਿ ਅਨਿਲ ਵਿਜ ਨੇ ਇਹ ਜਰੂਰ ਕਿਹਾ ਕਿ ਕਿਸੇ ਦੇ ਕਹਿਣ ਉੱਤੇ ਕਿਸੇ (ਕਿਸਾਨ) ਦੇ ਕਹਿਣ ਉੱਤੇ ਕਿਸੇ (ਐੱਸਡੀਐੱਮ) ਨੂੰ ਫਾਂਸੀ ਨਹੀਂ ਦੇ ਸਕਦੇ।ਇਕ ਤਰ੍ਹਾਂ ਨਾਲ ਵਿਜ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਖਿਲਾਫ ਕੋਈ ਕਾਰਵਾਈ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਈਪੀਸੀ ਵੱਖ ਹੈ ਤੇ ਕਿਸਾਨ ਵੱਖ ਹਨ। ਸਜਾ ਹਮੇਸ਼ਾ ਅਪਰਾਧ ਅਨੁਸਾਰ ਹੀ ਦਿੱਤੀ ਜਾਂਦੀ ਹੈ।


ਸਾਨੂੰ ਦੋਸ਼ਾਂ ਦਾ ਪਤਾ ਲਗਾਉਣ ਲਈ ਜਾਂਚ ਕਰਨੀ ਪਵੇਗੀ। ਸਰਕਾਰ ਨਿਰਪੱਖ ਜਾਂਚ ਲਈ ਤਿਆਰ ਹੈ, ਪਰ ਅਸੀਂ ਨਾ ਸਿਰਫ ਐੱਸਡੀਐੱਮ ਦੀ ਜਾਂਚ ਕਰਾਂਗੇ, ਸਗੋਂ ਪੂਰੇ ਕਰਨਾਲ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕਿਸਾਨ ਦੋਸ਼ੀ ਹੋਣ ਜਾਂ ਲੀਡਰ, ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਕਿਸਾਨ ਕਰਨਾਲ ਵਿਖੇ ਧਰਨਾ ਦੇ ਰਹੇ ਹਨ।ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ਕਿਹਾ ਕਿ ਅਸੀਂ ਉੱਠਣ ਵਾਲੇ ਨਹੀਂ ਹਾਂ। ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਲੜਾਈ ਜਾਰੀ ਰਹੇਗੀ। ਚੜੂਨੀ ਨੇ ਕਿਹਾ ਕਿ ਸਾਡੀਆਂ ਤਿੰਨ ਮੰਗਾਂ ਹਨ, ਪਹਿਲੀ ਇਹ ਕਿ ਅਧਿਕਾਰੀਆਂ ਉੱਤੇ ਮੁਕੱਦਮੇ ਚੱਲਣ, ਦੂਜਾ ਜਖਮੀ ਕਿਸਾਨਾਂ ਨੂੰ ਮੁਆਵਜਾ ਮਿਲੇ ਤੇ ਤੀਜਾ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।

Comments are closed.