‘ਦ ਖ਼ਾਲਸ ਟੀਵੀ ਬਿਊਰੋ:- ਵਿਧਾਨ ਸਭਾ ਚੋਣਾਂ ਸਿਰ ‘ਤੇ ਆ ਰਹੀਆਂ ਹਨ।ਸਿਆਸੀ ਪਾਰਟੀਆਂ ਨੇ ਜਿੱਥੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ, ਉੱਥੇ ਲੀਡਰਾਂ ਨੇ ਵੀ ਪਾਰਟੀਆਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸੇ ਕੜੀ ਤਹਿਤ ਭਾਜਪਾ ਦੇ ਨੇਤਾ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਸ਼ਿਰੋਮਣੀ ਅਕਾਲੀ ਦਲ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ।
ਸੂਤਰਾਂ ਅਨੁਸਾਰ ਜੋਸ਼ੀ ਅੱਧਾ ਦਰਜਨ ਲੀਡਰਾਂ ਸਮੇਤ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ 20 ਅਗਸਤ ਨੂੰ ਤੱਕੜੀ ਵਿੱਚ ਤੁਲਣਗੇ।ਜੋਸ਼ੀ ਦੇ ਨਾਲ ਹੀ ਬਠਿੰਡਾ ਤੋਂ ਭਾਜਪਾ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਮੋਹਿਤ ਗੁਪਤਾ, ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ, ਲੁਧਿਆਣਾ ਤੋਂ ਸਾਬਕਾ ਡਿਪਟੀ ਮੇਅਰ ਸਮੇਤ ਹੋਰ ਕਈ ਆਗੂ ਅਕਾਲੀ ਦਲ ‘ਚ ਸ਼ਾਮਲ ਹੋਣਗੇ।
ਸੂਤਰ ਇਹ ਵੀ ਦੱਸਦੇ ਹਨ ਕਿ ਜੋਸ਼ੀ ਨੂੰ ਅੰਮ੍ਰਿਤਸਰ ਉੱਤਰੀ ਤੋਂ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਜਾਵੇਗਾ।ਹਲਾਂਕਿ ਸਮਝੌਤੇ ਤਹਿਤ ਇਹ ਸੀਟ ਬਸਪਾ ਲਈ ਛੱਡੀ ਗਈ ਹੈ।
ਉਂਝ ਸੂਤਰ ਇਹ ਵੀ ਦੱਸਦੇ ਹਨ ਕਿ ਸੀਟ ਬਦਲਣ ਲਈ ਬਸਪਾ ਨਾਲ ਵਿਚਾਰ-ਵਟਾਂਦਰਾਂ ਕੀਤਾ ਜਾਵੇਗਾ।ਲੰਘੇ ਕੱਲ ਹੀ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਅਕਾਲੀ ਦਲ਼ ਦੇ ਬੇੜੇ ‘ਚ ਸਵਾਰ ਹੋਏ ਹਨ।ਦੱਸ ਦਈਏ ਕਿ ਜੋਸ਼ੀ ਨੇ ਪਿਛਲੇ ਮਹੀਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਪਾਰਟੀ ਨੇ ਛੇ ਮਹੀਨੇ ਲਈ ਕੱਢ ਦਿੱਤਾ ਸੀ।ਕਾਂਗਰਸ ਅਤੇ ਆਮ ਆਦਮੀ ਪਾਰਟੀ ਦੂਜੇ ਸਿਆਸੀ ਨੇਤਾਵਾਂ ਨੂੰ ਚੋਗਾ ਪਾਉਣ ਵਿੱਚ ਲੱਗੇ ਹੋਏ ਹਨ।