Punjab

ਪੰਜਾਬ ‘ਚ ਜੂਨ ਮਹੀਨਾ ਨਹੀਂ ਖੁੱਲ੍ਹਣਗੇ ਆਂਗਨਵਾੜੀ ਕੇਂਦਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ 30 ਜੂਨ ਤੱਕ ਸਾਰੇ ਆਂਗਨਵਾੜੀ ਕੇਂਦਰ ਬੰਦ ਰਹਿਣਗੇ। ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਸੂਬੇ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਆਂਗਨਵਾੜੀ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਚੌਧਰੀ ਨੇ ਇਸ ਫੈਸਲੇ ਨੂੰ ਬੱਚਿਆਂ ਲਈ ਸੁਰੱਖਿਆ ਉਪਾਅ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਰਾਹੀਂ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਲਗਾਤਾਰ ਘਰ-ਘਰ ਵੰਡੀ ਜਾਵੇਗੀ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਪੋਸ਼ਣ ਸੰਬੰਧੀ ਦਿੱਤੀ ਜਾ ਰਹੀ ਸਹਾਇਤਾ ਪ੍ਰਭਾਵਿਤ ਨਾ ਹੋ ਸਕੇ। ਉਹਨਾਂ ਰਾਸ਼ਨ ਵੰਡ ਦੌਰਾਨ ਸਾਰੇ ਸਿਹਤ ਪ੍ਰੋਟੋਕੋਲਾਂ ਜਿਵੇਂ ਕਿ ਮਾਸਕ ਪਾਉਣ, ਹੱਥ ਧੋਣ ਅਤੇ ਸਮਾਜਕ ਦੂਰੀਆਂ ਬਣਾਈ ਰੱਖਣ ਦੀ ਸਖਤੀ ਨਾਲ ਪਾਲਣਾ ਕਰਨ ਦੇ ਵੀ ਹੁਕਮ ਦਿੱਤੇ ਹਨ। ਅਰੁਨਾ ਚੌਧਰੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।

ਉਹਨਾਂ ਨੇ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਨੂੰ ਸਾਵਧਾਨੀ ਉਪਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਇਹ ਆਂਗਨਵਾੜੀ ਸੈਂਟਰ ਬੱਚਿਆਂ ਲਈ ਬੰਦ ਕਰ ਦਿੱਤੇ ਗਏ ਸਨ ਅਤੇ ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰ ਇਹਨਾਂ ਕੇਂਦਰਾਂ ਵਿੱਚ ਕੰਮ ਕਰ ਰਹੇ ਸਨ ਅਤੇ ਹੁਣ ਇਹ ਕੇਂਦਰ ਸਟਾਫ਼ ਲਈ ਵੀ 30 ਜੂਨ ਤੱਕ ਬੰਦ ਰਹਿਣਗੇ। ਚੌਧਰੀ ਨੇ ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰਾਂ ਨੂੰ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਿਭਾਗ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਰਹਿਣ ਲਈ ਕਿਹਾ।