‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਵਿੱਚ ਸਾਰੇ ਆਂਗਨਵਾੜੀ ਸੈਂਟਰ ਬੰਦ ਕੀਤੇ ਗਏ ਹਨ। ਅਗਲੇ ਹੁਕਮਾਂ ਤੱਕ ਇਹ ਸੈਂਟਰ ਬੰਦ ਰੱਖੇ ਜਾਣਗੇ। ਆਂਗਣਵਾੜੀ ਵਰਕਰ ਘਰ-ਘਰ ਬੱਚਿਆਂ ਦਾ ਰਾਸ਼ਨ ਪਹੁੰਚਾਉਣਗੇ ਅਤੇ ਆਂਗਣਵਾੜੀ ਵਰਕਰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਗੇ।
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕੋਵਿਡ ਦੇ ਮਾਮਲਿਆਂ ਵਿੱਚ ਮੁੜ ਉਭਾਰ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਚੌਧਰੀ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਘਰ-ਘਰ ਪਹੁੰਚਾਈ ਜਾਂਦੀ ਰਹੇਗੀ ਤਾਂ ਜੋ ਲਾਭਪਾਤਰੀਆਂ ਨੂੰ ਪੌਸ਼ਟਿਕ ਆਹਾਰ ਮਿਲਦਾ ਰਹੇ। ਉਨ੍ਹਾਂ ਸਾਰੇ ਸਿਹਤ ਪ੍ਰੋਟੋਕਾਲਾਂ ਭਾਵ ਮਾਸਕ ਪਹਿਨਣ, ਹੱਥ ਧੋਣ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾ ਕੇ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਜੰਗੀ ਪੱਧਰ `ਤੇ ਯਤਨ ਜਾਰੀ ਹਨ। ਉਨ੍ਹਾਂ ਵਰਕਰਾਂ ਅਤੇ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਆਂਗਣਵਾੜੀ ਕੇਂਦਰਾਂ ਵਿੱਚ ਮੌਜੂਦ ਰਹਿਣਗੇ ਅਤੇ ਪੌਸ਼ਟਿਕ ਆਹਾਰ ਘਰ ਘਰ ਪਹੁੰਚਾਉਣ ਤੇ ਹੋਰ ਗਤੀਵਿਧੀਆਂ ਲਈ ਘਰ-ਘਰ ਪਹੁੰਚ ਕਰਨਗੇ। ਵਰਕਰ ਅਤੇ ਹੈਲਪਰ ਪੜਾਅਵਾਰ ਢੰਗ ਨਾਲ ਲਾਭਪਾਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਵਿਭਾਗ ਦੁਆਰਾ ਦਿੱਤੀ ਸਮਾਂ ਸੀਮਾ ਦੇ ਅੰਦਰ ਬੱਚਆਂ ਦੇ ਸਰੀਰਕ ਵਾਧੇ ਦਾ ਨਿਗਰਾਨੀ ਰਿਕਾਰਡ ਤਿਆਰ ਕੀਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਠੱਲ੍ਹ ਪਾਉਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ।