Punjab

ਅਨੰਤਨਾਗ ਤੋਂ ਪੰਜਾਬ ਦੇ ਇੱਕ ਹੋਰ ਜਵਾਨ ਨੂੰ ਲੈਕੇ ਆਈ ਮਾੜੀ ਖ਼ਬਰ !

ਬਿਉਰੋ ਰਿਪੋਰਟ :  ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ 7ਵੇਂ ਦਿਨ ਮੁੱਠਭੇੜ ਜਾਰੀ ਹੈ । ਇਸ ਦੌਰਾਨ ਪੰਜਾਬ ਦੇ ਇੱਕ ਹੋਰ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਹੈ। ਕਰਨਲ ਮਨਪ੍ਰੀਤ ਸਿੰਘ ਪਹਿਲੇ ਦਿਨ ਸ਼ਹੀਦ ਹੋਏ ਸਨ ਜਦਕਿ 7ਵੇਂ ਦਿਨ ਹੁਣ ਸਿਪਾਹੀ ਪ੍ਰਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ । ਪ੍ਰਦੀਪ ਸਿੰਘ 13 ਸਤੰਬਰ ਤੋਂ ਮੁੱਠਭੇੜ ਵਾਲੇ ਦਿਨ ਤੋਂ ਲਾਪਤਾ ਸਨ,ਪਰ ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਸ਼ਹੀਦ ਹੋਣ ਦੀ ਪੁਸ਼ਟੀ ਫੌਜ ਵੱਲੋਂ ਕਰ ਦਿੱਤੀ ਗਈ ਹੈ। ਪ੍ਰਦੀਪ ਸਿੰਘ ਸਮਾਣਾ ਦੇ ਰਹਿਣ ਵਾਲੇ ਹਨ । 26 ਮਈ ਨੂੰ ਉਹ ਪੰਜਾਬ ਪਰਿਵਾਰ ਨੂੰ ਮਿਲਣ ਦੇ ਲਈ ਆਏ ਸਨ ਅਤੇ 28 ਜੂਨ ਇੱਕ ਮਹੀਨੇ ਦੀ ਛੁੱਟੀ ਤੋਂ ਬਾਅਦ ਉਹ ਵਾਪਸ ਗਏ । ਸ਼ਹੀਦ ਪ੍ਰਦੀਪ ਦੇ ਘਰ ਵਾਲਿਆਂ ਨੇ ਦੱਸਿਆ ਕਿ ਉਹ ਪਹਿਲੇ ਦਿਨ ਸ਼ਹੀਦ ਹੋਣ ਵਾਲੇ ਮੇਜਰ ਆਸ਼ੀਸ਼ ਦੇ ਨਾਲ ਹੀ ਇਸ ਆਪੇਸ਼ਨ ਵਿੱਚ ਸਨ । ਇਸ ਦੌਰਾਨ ਸ਼ਹੀਦ ਪ੍ਰਦੀਪ ਸਿੰਘ ਦੀ 4 ਮਹੀਨੇ ਦੀ ਗਰਭਵਤੀ ਪਤਨੀ ਦਾ ਪਤੀ ਦੀ ਸ਼ਹਾਦਤ ‘ਤੇ ਬਹਾਦੁਰੀ ਵਾਲਾ ਬਿਆਨ ਸਾਹਮਣੇ ਆਇਆ ਹੈ।

ਸ਼ਹੀਦ ਪ੍ਰਦੀਪ ਸਿੰਘ 2 ਭਰਾ ਸਨ,ਉਹ ਪਰਿਵਾਰ ਵਿੱਚ ਦੂਜੇ ਨੰਬਰ ‘ਤੇ ਸਨ । ਕੁਝ ਸਮੇਂ ਪਹਿਲਾਂ ਹੀ ਪ੍ਰਦੀਪ ਦੀ ਮਾਤਾ ਦਾ ਦੇਹਾਂਤ ਹੋਇਆ ਸੀ । ਸ਼ਹੀਦ ਪ੍ਰਦੀਪ ਸਿੰਘ ਦੀ ਪਤਨੀ 4 ਮਹੀਨੇ ਦੀ ਗਰਭਵਤੀ ਹੈ,ਉਸ ਨੂੰ ਜਦੋਂ ਪਤੀ ਦੀ ਸ਼ਹਾਦਤ ਦੇ ਬਾਰੇ ਪਤਾ ਚੱਲਿਆ ਤਾਂ ਉਸ ਨੇ ਮੈਨੂੰ ਮਾਣ ਹੈ ਪਤੀ ਦੀ ਸ਼ਹਾਦਤ ‘ਤੇ । ਜੋ ਕੰਮ ਅਸੀਂ ਨਹੀਂ ਕਰ ਸਕੇ ਉਹ ਪ੍ਰਦੀਪ ਨੇ ਕਰ ਦਿੱਤਾ,ਉਸ ਨੇ ਪੂਰੇ ਪਿੰਡ ਵਿੱਚ ਸਾਡਾ ਸਿਰ ਉੱਚਾ ਕੀਤਾ ਹੈ । ਪਿੰਡ ਦੇ ਲੋਕਾਂ ਨੂੰ ਵੀ ਸ਼ਹੀਦ ਪ੍ਰਦੀਪ ਦੀ ਸ਼ਹਾਦਤ ‘ਤੇ ਮਾਣ ਹੈ । ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਪਰਿਵਾਰ ਦੀ ਆਰਥਿਕ ਹਾਲਤ ਇਨ੍ਹੀ ਚੰਗੀ ਨਹੀਂ ਹੈ ।

ਅਨੰਤਨਾਗ ਮੁੱਠਭੇੜ ‘ਤੇ ਹੁਣ ਤੱਕ ਕੀ-ਕੀ ਹੋਇਆ

ਫੌਜ ਨੂੰ ਗਡੂਲ ਕੋਕੇਰਨਾਗ ਵਿੱਚ ਹੁਣ ਵੀ 2 ਤੋਂ 3 ਦਹਿਸ਼ਤਗਰਦਾਂ ਦੇ ਲੁੱਕੇ ਹੋਣ ਦਾ ਸ਼ੱਕ ਹੈ । ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਜੰਗਲ ਤੋਂ 2 ਲਾਸ਼ਾਂ ਬਰਾਮਦ ਕੀਤੀਆਂ ਹਨ । ਇਸ ਵਿੱਚ ਇੱਕ ਜਵਾਨ ਪ੍ਰਦੀਪ ਸਿੰਘ ਹੈ ਜੋ 13 ਸਤੰਬਰ ਤੋਂ ਲਾਪਤਾ ਚੱਲ ਰਿਹਾ ਸੀ । ਇਸੇ ਦਿਨ ਕਰਨਲ ਮਨਪ੍ਰੀਤ ਸਿੰਘ,ਮੇਜਰ ਆਸ਼ੀਸ਼ ਅਤੇ ਡੀਐੱਸਪੀ ਹੁਮਾਯੂ ਭੱਟ ਸ਼ਹੀਦ ਹੋਏ ਸਨ । ਪਿਛਲੇ ਹਫਤੇ ਕਸ਼ਮੀਰ ਵਿੱਚ ਤਿੰਨ ਥਾਵਾਂ ‘ਤੇ ਮੁੱਠਭੇੜ ਹੋਈ,ਇਸ ਵਿੱਚ 5 ਜਵਾਨ ਸ਼ਹੀਦ ਹੋਏ ਸਨ । ਜਦਕਿ ਅਨੰਤਨਾਗ ਵਿੱਚ 1,ਬਾਰਾਮੂਲਾ ਵਿੱਚ 3 ਅਤੇ ਰਾਜੌਰੀ ਵਿੱਚ 2 ਯਾਨੀ ਹੁਣ ਤੱਕ 6 ਦਹਿਸ਼ਤਗਰਦ ਢੇਰ ਹੋ ਚੁੱਕੇ ਹਨ । ਰਿਪੋਰਟ ਦੇ ਮੁਤਾਬਿਕ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਹੈ । 13 ਸਤੰਬਰ ਨੂੰ ਸ਼ੁਰੂ ਹੋਏ ਆਪਰੇਸ਼ਨ ਵਿੱਚ 100 ਤੋਂ ਵੱਧ ਘੰਟੇ ਬੀਤ ਚੁੱਕੇ ਹਨ।

ਐਨਕਾਉਂਟਰ ਨੂੰ ਖਤਮ ਕਰਨ ਦੇ ਲਈ ਸੀਨੀਅਰ ਅਧਿਕਾਰੀ ਪਹੁੰਚੇ

ਅਨੰਤਨਾਗ ਵਿੱਚ ਆਪਰੇਸ਼ਨ ਨੂੰ ਜਲਦ ਤੋਂ ਜਲਦ ਖਤਮ ਕਰਨ ਦੇ ਲਈ ਪੈਰਾ ਕਮਾਂਡੋ ਅਤੇ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ । ADGP ਵਿਜੇ ਕੁਮਾਰ ਅਤੇ ਦੂਜੇ ਸੀਨੀਅਰ ਅਧਿਕਾਰੀ ਵੀ ਐਨਕਾਉਂਟਰ ਵਾਲੀ ਥਾਂ ‘ਤੇ ਪਹੁੰਚੇ।
ਅਨੰਤਨਾਗ ਆਪਰੇਸ਼ਨ ਦੇ ਵਿਚਾਲੇ ਇੱਕ ਦਹਿਸ਼ਤਗਰਦ ਨੇ ਸ੍ਰੀਨਗਰ ਵਿੱਚ CRPF ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਹੈ । ਸ੍ਰੀਨਗਰ ਪੁਲਿਸ ਨੇ ਦੱਸਿਆ ਕਿ ਪਿਸਤੌਲ ਨਾਲ ਲੈਸ ਇੱਕ ਦਹਿਸ਼ਤਗਰਦ ਨੇ CRPF ਦੀ ਬੁਲਟ ਪਰੂਫ ਗੱਡੀ ‘ਤੇ ਫਾਇਰਿੰਗ ਕੀਤੀ । ਸ੍ਰੀਨਗਰ ਜ਼ਿਲ੍ਹੇ ਦੇ ਖਾਨਯਾਮ ਇਲਾਕੇ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ। ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ । CRPF ‘ਤੇ ਫਾਇਰਿੰਗ ਕਰਨ ਵਾਲਾ ਦਹਿਸ਼ਤਗਰਦ ਫਰਾਰ ਹੋ ਗਿਆ ।