ਬਿਊਰੋ ਰਿਪੋਰਟ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਸਾਜੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦਾ ਅੱਜ ਦਿਹਾੜਾ ਹੈ । ਅੱਜ ਦੇ ਦਿਨ ਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਨੇ ਮੀਰੀ ਅਤੇ ਪੀਰੀ ਦੀਆਂ 2 ਕ੍ਰਿਪਾਨਾਂ ਧਾਰਨ ਕੀਤੀਆਂ ਸਨ ਅਤੇ ਤਖ਼ਤ ‘ਤੇ ਬਿਰਾਜੇ ਸਨ । ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਗੁਰਮਤਾ ਕਰਕੇ ਆਪਣੇ ਸਾਂਝੇ ਫੈਸਲੇ ਲੈਂਦਾ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਤਖਤ ਸਾਹਿਬ ਤੋਂ ਕੀਤੇ ਜਾਣ ਵਾਲੇ ਫੈਸਲੇ,ਜਥੇਦਾਰਾਂ ਦੀ ਨਿਯੁਕਤੀਆਂ ਅਤੇ ਗੁਰਮਤਾ ਨੂੰ ਲੈਕੇ ਸਵਾਲ ਚੁੱਕੇ ਜਾਣ ਲੱਗੇ ਹਨ । ਇਸ ਦੇ ਪਿੱਛੇ ਵੱਡਾ ਕਾਰਨ ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਦੇ ਸਿਧਾਂਤਾ ਤੋਂ ਦੂਰ ਹੋਣਾ ਹੈ। ਇਸੇ ਲਈ ਇਸ ਪਵਿੱਤਰ ਦਿਹਾੜੇ ਮੌਕੇ ਖਾਲਸਾ ਪੰਥ ਅਤੇ ਗੁਰ-ਸੰਗਤਿ ਦੀ ਸੇਵਾ ਵਿਚ ਵਿਚਰਦੇ ਜਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਏ ਹਨ। ਇਹਨਾਂ ਜਥਿਆਂ ਵੱਲੋਂ ਗੁਰੂ ਖਾਲਸਾ ਪੰਥ ਦੀ ਰਿਵਾਇਤ ਅਨੁਸਾਰ ਪੰਜ ਸਿੰਘਾਂ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਬਾਬਤ ਵਿਚਾਰਾਂ ਕਰਕੇ ਗੁਰਮਤਾ ਕੀਤਾ ਜਾਵੇਗਾ। ਇਸ ਇਕੱਤਰਤਾ ਵਿਚ ਖਾਲਸਾ ਪੰਥ ਦੀ ਗੁਰਮਤਾ ਸੋਧ ਕੇ ਸਾਂਝਾ ਫੈਸਲਾ ਲੈਣ ਦੀ ਪਰੰਪਰਾ ਨੂੰ ਪੰਥਕ ਰਵਾਇਤ ਅਨੁਸਾਰ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਪਾਰਕ ਨੇੜੇ ਸਥਿਤ ਬੁੰਗਾ ਕੁੱਕੜ ਪਿੰਡ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਦੀਵਾਨ ਸਜਾਏ ਗਏ। ਮੀਰੀ ਪੀਰੀ ਦਿਵਸ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸਾਹਿਬ ਦੀ ਸੰਪਰੂਨਤਾ ਹੋਈ।
ਗੁਰਮਤਾ ਸੋਧਣ ਲਈ ਸਾਰੇ ਨੁਮਾਇੰਦਿਆਂ ਦੇ ਵਿਚਾਰ ਲੈਣ ਵਾਸਤੇ ਪੰਥਕ ਰਿਵਾਇਤ ਅਨੁਸਾਰ ਪੰਜ ਸਿੰਘ ਹਾਜ਼ਰ ਨੁਮਾਇੰਦਿਆਂ ਵਿਚੋਂ ਹੀ ਚੁਣੇ ਗਏ ਹਨ। ਪੰਜ ਸਿੰਘਾਂ ਵੱਲੋਂ ਸਾਰੇ ਨੁਮਾਇੰਦਿਆਂ ਦੇ ਵਿਚਾਰ ਲਏ ਜਾ ਰਹੇ ਹਨ। ਪੰਥਕ ਪੱਧਰ ਉੱਤੇ ਗੁਰਮਤਾ ਸੋਧਣ ਦਾ ਇਹ ਅਮਲ ਕਰੀਬ ਇਕ ਸਦੀ ਦੇ ਵਕਫੇ ਬਾਅਦ ਅਮਲ ਵਿਚ ਲਿਆਂਦਾ ਜਾ ਰਿਹਾ ਹੈ । ਇਸ ਪੂਰੇ ਸਮਾਗਮ ਦੀ ਅਗਵਾਈ ਪੰਥ ਸੇਵਕ ਸਖਸ਼ੀਅਤਾਂ, ਜਿਨ੍ਹਾਂ ਵਿੱਚ ਖਾੜਕੂ ਸੰਘਰਸ਼ ਦੇ ਸਿਧਾਂਤਕ ਆਗੂ ਵਜੋਂ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਸੰਘਰਸ਼ ਦੇ ਪੈਂਡੇ ਉੱਤੇ ਦ੍ਰੜਤਾ ਨਾਲ ਚੱਲਣ ਵਾਲੇ ਭਾਈ ਨਰਾਇਣ ਸਿੰਘ ਚੌੜਾ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਸ਼ਾਮਿਲ ਹਨ। ਇਸ ਤੋਂ ਇਲਾਵਾ ਸੰਪਰਦਾਵਾਂ,ਸੰਸਥਾਵਾਂ,ਨਿਹੰਗ ਜਥੇਬੰਦੀਆਂ,ਦਮਦਮੀ ਟਕਸਾਲ,ਅਖੰਡ ਕੀਰਤਨੀ ਜਥਾ,ਮਿਸ਼ਨਰੀ ਕਾਲਜਾਂ ਵੀ ਇਸ ਆਪਣਾ ਹਿੱਸਾ ਪਾ ਰਹੇ ਹਨ ।