ਬਿਊਰੋ ਰਿਪੋਰਟ : ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੌਰਾਨ 6 ਮਾਰਚ ਦੀ ਰਾਤ ਇੱਕ ਸਿੱਖ ਨੌਜਵਾਨ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਦਾ ਬਹੁਤ ਹੀ ਬੇਰਦਰੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਚਾਰੋ ਪਾਸੇ ਤੋਂ ਘੇਰਾ ਪਾਕੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ । ਬੁਰੀ ਤਰ੍ਹਾਂ ਨਾਲ ਜ਼ਖ਼ਮੀ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ । ਮੁਲਜ਼ਮ ਦਾ ਨਾਂ ਨਿਰੰਜਣ ਸਿੰਘ ਹੈ ਅਤੇ ਉਹ ਨੂਰਪੁਰ ਬੇਦੀ ਦਾ ਰਹਿਣ ਵਾਲਾ ਹੈ । ਮੁਲਜ਼ਮ ਦੀ ਜੀਪ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ । ਝਗੜੇ ਦੌਰਾਨ ਮੁਲਜ਼ਮ ਨਿਰੰਜਣ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ PGI ਚੰਡੀਗੜ੍ਹ ਭਰਤੀ ਕਰਵਾਇਆ ਹੈ । ਪੁਲਿਸ ਨੇ ਉਸ ਦੇ ਕਮਰੇ ਦੇ ਆਲੇ-ਦੁਆਲੇ ਗਾਰਡ ਤਾਇਨਾਤ ਕਰ ਦਿੱਤੇ ਹਨ ਤਾਂਕਿ ਉਹ ਫਰਾਰ ਨਾ ਹੋ ਸਕੇ । ਪੁਲਿਸ ਹਸਪਤਾਲ ਤੋਂ ਠੀਕ ਹੁੰਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਏਗੀ । ਰੂਪ ਨਗਰ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ਼ ਧਾਰਾ 302, 34 ਅਧੀਨ ਮਾਮਲਾ ਦਰਜ ਕਰ ਲਿਆ ਹੈ ।
ਇਸ ਵਜ੍ਹਾ ਨਾਲ ਨੌਜਵਾਨ ਦਾ ਕਤਲ ਕੀਤਾ
ਹੋਲਾ ਮਹੱਲਾ ਸਮਾਗਮ ਦੀ ਪਹਿਲੀ ਰਾਤ ਯਾਨੀ 6 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਆਉਣ ਵਾਲੇ ਗੇਟ ਕੋਲ ਕੁਝ ਨਿਹੰਗ ਸਿੰਘ ਗੱਡੀਆਂ ਨੂੰ ਰੋਕ ਰਹੇ ਸਨ ਜੋ ਹੁੜਦੰਗ ਮਚਾ ਰਹੇ ਸਨ । ਇਸ ਦੇ ਨਾਲ ਬਿਨਾਂ ਸਾਇਲੈਂਸਰ ਬਾਈਕ ਅਤੇ ਵੱਡੇ ਟਰੈਕਟਰਾਂ ‘ਤੇ ਸਪੀਕਰ ਲਗਾਉਣ ਵਾਲਿਆਂ ਨੂੰ ਵੀ ਰੋਕਿਆ ਜਾ ਰਿਹਾ ਸੀ । ਮਿਲੀ ਜਾਣਕਾਰੀ ਦੇ ਮੁਤਾਬਿਕ ਇੱਕ ਟਰੈਕਟਰ ਨੂੰ ਰੋਕਣ ‘ਤੇ ਉਸ ਵਿੱਚ ਸਵਾਰ ਨੌਜਵਾਨ ਨਾਲ ਝਗੜਾ ਹੋ ਗਿਆ । ਉਸ ਝਗੜੇ ਵਿੱਚ 24 ਸਾਲ ਦੇ ਨੌਜਵਾਨ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਪੁੱਤਰ ਹਰਬੰਸ ਸਿੰਘ ਦੀ ਮੌਤ ਹੋ ਗਈ । ਮ੍ਰਿਤਕ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦਾ ਰਹਿਣ ਵਾਲਾ ਸੀ । ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਨੂੰ ਕੈਨੇਡਾ ਦੀ PR ਹਾਸਲ ਸੀ ।
ਪ੍ਰਿੰਸ ਦੇ ਪਰਿਵਾਰ ਦਾ ਬਿਆਨ
ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਮਾਰਚ ਨੂੰ ਹੋਲਾ ਮਹੱਲਾ ਵੇਖਣ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਗਾਇਆ ਸੀ । ਰਸਤੇ ਵਿੱਚ ਕੁਝ ਲੋਕ ਆਪਣੀ ਕਾਰ ਵਿੱਚ ਅਸ਼ਲੀਲ ਗਾਣੇ ਵਜਾ ਰਹੇ ਸਨ । ਪ੍ਰਦੀਪ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਇਸ ਗੱਲ ਤੋਂ ਭੜਕੇ ਨੌਜਵਾਨਾਂ ਨੇ ਪ੍ਰਦੀਪ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ । ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਭੈਣ ਵੀ ਵਿਦੇਸ਼ ਰਹਿੰਦੀ ਹੈ ।
ਸੋਸ਼ਲ ਮੀਡੀਆ ‘ਤੇ ਚੱਲ ਰਹੀ ਵੀਡੀਓ ‘ਤੇ ਧਿਆਨ ਨਾ ਦਿਓ
SP ਰੋਪੜ ਨੇ ਕਿਹਾ ਹੈ ਕਿ ਝਗੜੇ ਦੇ ਕੁਝ ਫੇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਚੱਲ ਰਹੇ ਹਨ । ਉਨ੍ਹਾਂ ਕਿਹਾ ਇਸ ਵੀਡੀਓ ਨੂੰ ਆਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ । ਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਦੂਰ ਰਹੋ ਪੁਲਿਸ ਤੁਹਾਡੀ ਸੁਰੱਖਿਆ ਨੂੰ ਲੈਕੇ ਪੂਰੀ ਤਰ੍ਹਾਂ ਮੁਸਤੈਦ ਹੈ।