ਬਿਉਰੋ ਰਿਪੋਰਟ: ਜਲੰਧਰ ਵਿੱਚ ਜਿਉਂ-ਜਿਉਂ ਵਿਧਾਨ ਸਭਾ ਉਪ ਚੋਣਾਂ ਨੇੜੇ ਆ ਰਹੀਆਂ ਹਨ, ਸਾਰੀਆਂ ਪਾਰਟੀਆਂ ਦੇ ਆਗੂ ਇੱਕ-ਦੂਜੇ ’ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ। ਅੱਜ ਯਾਨੀ ਐਤਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਜਲੰਧਰ ਪਹੁੰਚੇ ਤੇ ਉਨ੍ਹਾਂ ਨੇ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ (ਭਾਜਪਾ ਉਮੀਦਵਾਰ) ‘ਤੇ ਗੰਭੀਰ ਇਲਜ਼ਾਮ ਲਾਏ ਹਨ। ਕੰਗ ਨੇ ਅੰਗੁਰਾਲ ‘ਤੇ ਫਿਰੌਤੀ ਮੰਗਣ ਦਾ ਦੋਸ਼ ਲਾਇਆ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਲੰਧਰ ਵਿੱਚ ਇੱਕ ਇੱਜ਼ਤਦਾਰ ਪਰਿਵਾਰ ਹੈ, ਜਿਸ ਦਾ ਪੁੱਤਰ ਸੰਦੀਪ ਕੁਮਾਰ ਆਸਟ੍ਰੇਲੀਆ ਵਿੱਚ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਉਸ ਦਾ ਪਰਿਵਾਰਕ ਝਗੜਾ ਹੋਇਆ ਸੀ।
ਇਹ ਮਾਮਲਾ ਵਧਦਾ ਗਿਆ ਅਤੇ ਪੁਲਿਸ ਕੋਲ ਪਹੁੰਚ ਗਿਆ। ਉਸ ਸਮੇਂ ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਤੋਂ ਵਿਧਾਇਕ ਸਨ। ਜਦੋਂ ਇਹ ਮਾਮਲਾ ਉਨ੍ਹਾਂ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਸੰਦੀਪ ਕੁਮਾਰ ਤੋਂ ਪੁਲਿਸ ਥਾਣੇ ਵਿੱਚ ਸਮਝੌਤਾ ਕਰਵਾਉਣ ਲਈ ਪੈਸਿਆਂ ਦੀ ਮੰਗ ਕੀਤੀ। ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਸੰਦੀਪ ਤੋਂ ਕਰੀਬ 5 ਲੱਖ 20 ਹਜ਼ਾਰ ਰੁਪਏ ਲਏ ਸਨ।
5.20 ਲੱਖ ਤੋਂ ਬਾਅਦ 2 ਲੱਖ ਹੋਰ ਮੰਗੇ
ਕੰਗ ਨੇ ਦੱਸਿਆ ਕਿ ਇਹ ਪੈਸਾ ਉਨ੍ਹਾਂ ਕੋਲੋਂ ਸਿਰਫ਼ ਰਾਜੀਨਾਵਾਂ ਕਰਵਾਉਣ ਲਈ ਲਿਆ ਗਿਆ ਸੀ। ਇੰਨਾ ਹੀ ਨਹੀਂ, ਇਸ ਤੋਂ ਉਨ੍ਹਾਂ ਵੱਲੋਂ ਬਾਅਦ ਵਿੱਚ 2 ਲੱਖ ਰੁਪਏ ਹੋਰ ਮੰਗੇ ਗਏ। ਇਸ ’ਤੇ ਕਿਹਾ ਗਿਆ ਕਿ ਦੋ ਲੱਖ ਹੋਰ ਦੇਣ ’ਤੇ ਕੇਸ ਖ਼ਤਮ ਹੋਵੇਗਾ। ਇਨ੍ਹਾਂ ਵਿੱਚ ਇੱਕ ਹੋਰ ਕੜੀ ਹੈ ਆਯੂਬ ਖ਼ਾਨ, ਜੋ ਸੰਦੀਪ ਕੁਮਾਰ ਨੂੰ ਪੁਲਿਸ ਥਾਣੇ ਲੈ ਕੇ ਗਿਆ। ਰਾਜਨ ਅੰਗੁਰਾਲ ਨੇ ਸੰਦੀਪ ਹੁਰਾਂ ਨੂੰ ਕਿਹਾ ਹੋਇਆ ਸੀ ਕਿ ਇਹ ਸਾਡਾ ਆਦਮੀ ਹੈ ਜੋ ਤੁਹਾਨੂੰ ਥਾਣੇ ਵੀ ਲੈ ਕੇ ਜਾਵੇਗਾ ਤੇ ਤੁਸੀਂ ਪੈਸੇ ਆਯੂਬ ਨੂੰ ਦੇ ਦੇਣਾ। ਵੱਖ-ਵੱਖ ਕਿਸ਼ਤਾਂ ਵਿੱਚ ਪੈਸੇ ਲਏ ਗਏ।
ਉਨ੍ਹਾਂ ਦੱਸਿਆ ਕਿ ਅੱਜ ਤੋਂ ਡੇਢ-ਦੋ ਮਹੀਨੇ ਪਹਿਲਾਂ ਸੰਦੀਪ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਮਾਮਲਾ ਹੱਲ ਹੋ ਗਿਆ ਹੈ। ਪਰ ਇਸ ਦੇ ਚੱਲਦਿਆਂ ਸੰਦੀਪ ਕੁਮਾਰ ਨੂੰ ਥਾਣੇ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੀ ਪੇਸ਼ੀ ਹੈ। ਇਸ ਤੋਂ ਬਾਅਦ ਜਦੋਂ ਸੰਦੀਪ ਕੁਮਾਰ ਨੇ ਆਯੂਬ ਖ਼ਾਨ ਜ਼ਰੀਏ ਰਾਜਨ ਅੰਗੁਰਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ 5,20,000 ਵਿੱਚ ਗੱਲ ਨਹੀਂ ਬਣੀ, 2 ਲੱਖ ਰੁਪਏ ਹੋਰ ਦੇਣੇ ਪੈਣਗੇ।
ਰਾਜਨ ਅੰਗੁਰਾਲ ‘ਤੇ ਧਮਕੀ ਦੇਣ ਦੇ ਇਲਜ਼ਾਮ
ਕੰਗ ਨੇ ਇਲਜ਼ਾਮ ਲਾਇਆ ਹੈ ਕਿ ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਆਪਣੇ ਤੌਰ ‘ਤੇ ਰਾਜੀਨਾਵਾਂ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰਾਜਨ ਅੰਗੁਰਾਲ ਨੇ ਡਰਾਇਆ-ਧਮਕਾਇਆ।
ਕੰਗ ਨੇ ਦਾਅਵਾ ਕੀਤਾ ਹੈ ਕਿ ਸੰਦੀਪ ਦੇ ਪਰਿਵਾਰ ਦਾ 5 ਲੱਖ 20 ਹਜ਼ਾਰ ਰੁਪਏ ਦਾ ਰਿਕਾਰਡ ਵੀ ਮੌਜੂਦ ਹੈ। ਪਰਿਵਾਰ ਕੋਲ ਰਾਜਨ ਅੰਗੁਰਾਲ ਦੀ ਰਿਕਾਰਡਿੰਗ ਵੀ ਹੈ। ਜਿਸ ਵਿੱਚ ਉਹ ਪੈਸੇ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਗੁਰਲ ਭਰਾਵਾਂ ਨੇ ਕੰਮ ਵੰਡਿਆ ਹੋਇਆ ਹੈ, ਰਾਜਨ ਵਿੱਤੀ ਕੰਮ ਦੇਖਦਾ ਹੈ ਅਤੇ ਸ਼ੀਤਲ ਖ਼ੁਦ ਸਿਆਸੀ ਕੰਮ ਦੇਖਦੇ ਸਨ।
ਕੰਗ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਏਗੀ। ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ, ਸਾਰੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।