India

ਜੰਮੂ ਕਸ਼ਮੀਰ ’ਚ ਅਨੰਦ ਮੈਰਿਜ ਐਕਟ ਲਾਗੂ , ਐਕਟ ਤਹਿਤ ਹੋਣਗੇ ਸਿੱਖਾਂ ਦੇ ਵਿਆਹ

Anand Marriage Act is implemented in Jammu and Kashmir, marriages of Sikhs will take place under the Act

ਜੰਮੂ-ਕਸ਼ਮੀਰ : ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਵੀ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਸ ਨਾਲ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਹੁਣ ਸਿੱਖ ਭਾਈਚਾਰੇ ’ਚ ਵਿਆਹ ਦੀ ਰਜਿਸਟ੍ਰੇਸ਼ਨ ਇਸ ਕਾਨੂੰਨ ਤਹਿਤ ਹੋਵੇਗੀ। ਅਨੰਦ ਮੈਰਿਜ ਐਕਟ ਦੇਸ਼ ’ਚ ਪਹਿਲਾਂ ਤੋਂ ਲਾਗੂ ਹੈ ਪਰ ਧਾਰਾ 370 ਕਾਰਨ ਜੰਮੂ ਕਸ਼ਮੀਰ ’ਚ ਇਹ ਲਾਗੂ ਨਹੀਂ ਸੀ। ਪੰਜ ਅਗਸਤ, 2019 ਨੂੰ ਧਾਰਾ 370 ਖ਼ਤਮ ਹੋਣ ਤੋਂ ਬਾਅਦ ਕੇਂਦਰੀ ਕਾਨੂੰਨ ਜੰਮੂ-ਕਸ਼ਮੀਰ ’ਚ ਲਾਗੂ ਹੋ ਗਏ। ਇਸ ਤੋਂ ਬਾਅਦ ਸਿੱਖ ਭਾਈਚਾਰਾ ਮੰਗ ਕਰ ਰਿਹਾ ਸੀ ਕਿ ਜੰਮੂ ਕਸ਼ਮੀਰ ’ਚ ਵੀ ਅਨੰਦ ਮੈਰਿਜ ਐਕਟ ਲਾਗੂ ਕੀਤਾ ਜਾਵੇ।

ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਕਸ਼ਮੀਰ ਅਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2023 ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਸੂਬਾ ਸਰਕਾਰ ਦੇ ਕਾਨੂੰਨ, ਨਿਆਂ ਤੇ ਸੰਸਦੀ ਮਾਮਲਿਆਂ ਦੇ ਵਿਭਾਗ ਨੇ ਹੁਕਮ ਵੀ ਜਾਰੀ ਕਰ ਦਿੱਤਾ ਹੈ। ਅਨੰਦ ਮੈਰਿਜ ਐਕਟ ਤਹਿਤ ਪ੍ਰਮਾਣ ਪੱਤਰ ਜਾਰੀ ਕਰਨ ਲਈ ਸਬੰਧਤ ਤਹਿਸੀਲਦਾਰ ਇਸ ਦੇ ਰਜਿਸਟਰਾਰ ਹੋਣਗੇ। ਵਿਆਹ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਰਜਿਸਟਰਾਰ ਦੋਵੇਂ ਧਿਰਾਂ ਨੂੰ ਅਨੰਦ ਮੈਰਿਜ ਦੇ ਪ੍ਰਮਾਣ ਪੱਤਰ ਦੀਆਂ ਦੋ ਕਾਪੀਆਂ ਮੁਫ਼ਤ ਜਾਰੀ ਕਰਨਗੇ।

ਜੰਮੂ ਕਸ਼ਮੀਰ ਦੇ ਸਿੱਖ ਭਾਈਚਾਰੇ ਦੀ ਆਬਾਦੀ ਕਰੀਬ ਸਾਢੇ ਛੇ ਲੱਖ ਹੈ। ਜੰਮੂ ਦੇ ਪੁਣਛ, ਰਾਜੌਰੀ, ਜੰਮੂ ਤੇ ਕਠੂਆ ਜ਼ਿਲ੍ਹਿਆਂ ’ਚ ਸਿੱਖ ਭਾਈਚਾਰੇ ਦੀ ਚੰਗੀ ਖ਼ਾਸੀ ਆਬਾਦੀ ਹੈ। ਇਸ ਤੋਂ ਇਲਾਵਾ ਕਸ਼ਮੀਰ ’ਚ ਵੀ ਤਕਰੀਬਨ 100 ਪਿੰਡਾਂ ’ਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਸਿੱਖ ਭਾਈਚਾਰੇ ਦੇ ਵੱਖ-ਵੱਖ ਵਫ਼ਦਾਂ ਨੇ ਸਮੇਂ-ਸਮੇਂ ’ਤੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰ ਕੇ ਅਨੰਦ ਮੈਰਿਜ ਐਕਟ ਲਾਗੂ ਕਰਨ ਦਾ ਮਾਮਲਾ ਚੁੱਕਿਆ ਸੀ।

ਵਰਨਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਕਰੀਬ ਸਾਢੇ ਛੇ ਲੱਖ ਸਿੱਖ ਭਾਈਚਾਰੇ ਦੀ ਆਬਾਦੀ ਹੈ, ਜਿਸ ਵਿਚ ਕਸ਼ਮੀਰ ਦੇ 105 ਪਿੰਡਾਂ ਵਿਚ ਸਿੱਖ ਭਾਈਚਾਰਾ ਮੌਜੂਦ ਹੈ, ਪੁਣਛ, ਰਾਜੌਰੀ, ਜੰਮੂ ਅਤੇ ਕਠੂਆ ਵਿਚ ਵੀ ਸਿੱਖ ਭਾਈਚਾਰੇ ਦੀ ਆਬਾਦੀ ਹੈ। ਸਿੱਖਾਂ ਨੇ ਇਸ ਫ਼ੈਸਲੇ ਦਾ ਨਿੱਘਾ ਸਵਾਗਤ ਕੀਤਾ ਹੈ।