ਖੰਨਾ ਵਿੱਚ ਨੈਸ਼ਨਲ ਹਾਈਵੇਅ ’ਤੇ ਮੰਡਿਆਲਾ ਕਲਾਂ ਨੇੜੇ ਓਵਰਬ੍ਰਿਜ ’ਤੇ ਵਾਪਰੇ ਸੜਕ ਹਾਦਸੇ ਵਿੱਚ ਬੁਲੇਟ ਸਵਾਰ ਨੌਜਵਾਨ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਸੁਮਿਤ ਠਾਕੁਰ (23) ਵਾਸੀ ਸਮਾਇਲਾ, ਜ਼ਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੁਮਿਤ ਠਾਕੁਰ DAV, ਜਲੰਧਰ ਵਿੱਚ MBA ਦਾ ਵਿਦਿਆਰਥੀ ਸੀ। ਉਹ ਆਪਣੀ ਬੁਲੇਟ ‘ਤੇ ਖੰਨਾ ਤੋਂ ਜਲੰਧਰ ਵੱਲ ਜਾ ਰਿਹਾ ਸੀ। ਇਸ ਦੌਰਾਨ ਅਣਪਛਾਤੇ ਵਾਹਨ ਨੇ ਉਸ ਨੂੰ ਕੁਚਲ ਦਿੱਤਾ। ਘਟਨਾ ‘ਚ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ। ਉਸ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸੁਮਿਤ ਦੇ ਪਿਤਾ ਕਰਤਾਰ ਸਿੰਘ ਠਾਕੁਰ ਹਿਮਾਚਲ ਪ੍ਰਦੇਸ਼ ਵਿੱਚ ਫਾਇਰ ਬ੍ਰਿਗੇਡ ਕਰਮਚਾਰੀ ਹਨ। ਸੁਮਿਤ ਦਾ ਪਰਿਵਾਰ ਹਿਮਾਚਲ ਪ੍ਰਦੇਸ਼ ਤੋਂ ਖੰਨਾ ਪਹੁੰਚ ਗਿਆ ਹੈ ਅਤੇ ਪੁਲਿਸ ਕੋਲ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੋਟ ਪੁਲਿਸ ਚੌਕੀ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਚੈੱਕ ਰਹੀ ਹੈ।
ਸੁਮਿਤ ਠਾਕੁਰ ਨੂੰ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸ਼ੌਕ ਸੀ। ਇਸੇ ਕਰਕੇ ਬੀ.ਕਾਮ, ਵੈਟਰਨਰੀ ਕੋਰਸ ਕਰਨ ਤੋਂ ਬਾਅਦ ਵੀ ਉਸ ਨੇ ਕਿਤੇ ਨੌਕਰੀ ਨਹੀਂ ਕੀਤੀ। MBA ਦੇ ਨਾਲ-ਨਾਲ ਉਹ ਫ਼ੌਜ ਵਿੱਚ ਭਰਤੀ ਦੀ ਤਿਆਰੀ ਕਰ ਰਿਹਾ ਸੀ। ਉਸ ਨੇ BSF ਦਾ ਟੈੱਸਟ ਦੇਣਾ ਸੀ। ਕੁਝ ਸਮਾਂ ਪਹਿਲਾਂ ਭਾਰਤੀ ਫ਼ੌਜ ਵਿੱਚ ਚੋਣ ਹੋਈ ਸੀ। ਪਰ ਸਰੀਰਕ ਪ੍ਰੀਖਿਆ ਪਾਸ ਨਹੀਂ ਹੋ ਪਾਇਆ ਸੀ। ਇਹ ਟੈੱਸਟ ਦੁਬਾਰਾ ਹੋਣਾ ਸੀ ਪਰ ਇਸ ‘ਤੋਂ ਪਹਿਲਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੁਮਿਤ ਦੇ ਵੱਡੇ ਭਰਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ।