Punjab

ਲੁਧਿਆਣਾ ‘ਚ ਮਾਸੂਮ ਬੱਚੀ ਨਾਲ ਗਲਤ ਕਾਰਾ ਕਰਨ ਵਾਲਾ ਗ੍ਰਿਫਤਾਰ , ਲੋਕਾਂ ਨੇ ਕਿਹਾ- ਫਾਂਸੀ ਹੋਣੀ ਚਾਹੀਦੀ ਹੈ

ਲੁਧਿਆਣਾ : ਸਾਡੇ ਦੇਸ਼ ਵਿੱਚ ਔਰਤ ਕਦੇ ਵੀ ਸੁਰੱਖਿਅਤ ਨਹੀਂ ਰਹੀ । ਆਏ ਦਿਨ ਕਈ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਜੋ ਕਿ ਇਨਸਾਨਿਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ । ਲੰਘੇ ਕੱਲ੍ਹ ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ , ਹਾਲਾਂਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਲੁਧਿਆਣਾ ‘ਚ 6 ਸਾਲ ਦੀ ਬੱਚੀ ਨੂੰ ਇੱਕ ਆਟੋ ਡਰਾਈਵਰ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੀਰਵਾਰ ਸ਼ਾਮ ਦੀ ਹੈ, ਜਦੋਂ ਦੋਸ਼ੀ ਨੇ ਬੱਚੀ ਨੂੰ ਆਟੋ ‘ਚ ਅਗਵਾ ਕਰ ਲਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਪਾਰਕ ‘ਚ ਛੱਡ ਕੇ ਫਰਾਰ ਹੋ ਗਿਆ। ਮੁਲਜ਼ਮ ਆਟੋ ਚਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਘਟਨਾ ਧਾਂਦਰਾ ਰੋਡ ਦੀ ਹੈ। ਬੱਚੀ ਨੇ ਘਰ ਜਾ ਕੇ ਪਰਿਵਾਰ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਘਟਨਾ ਦੀ ਸੂਚਨਾ ਦੁੱਗਰੀ ਪੁਲਿਸ ਨੂੰ ਦਿੱਤੀ। ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਮੇਂ ਸਿਰ ਬਦਮਾਸ਼ ਨੂੰ ਕਾਬੂ ਕਰ ਲਿਆ। ਸੂਤਰਾਂ ਅਨੁਸਾਰ ਫਰਾਰ ਮੁਲਜ਼ਮ ਨੂੰ ਜੈਤੋ ਚੌਕ ਤੋਂ ਫੜਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਆਟੋ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਖੂਨ ਨਾਲ ਲੱਥਪੱਥ ਕੱਪੜਿਆਂ ਨਾਲ ਘਰ ਪਹੁੰਚੀ

ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਆਪਣੇ ਘਰ ਪਹੁੰਚੀ ਤਾਂ ਉਸਦੀ ਹਾਲਤ ਕਾਫੀ ਖਰਾਬ ਸੀ। ਰਿਸ਼ਤੇਦਾਰਾਂ ਮੁਤਾਬਕ ਬੱਚੀ ਦੀ ਹਾਲਤ ਦੇਖ ਕੇ ਸਾਰਾ ਪਰਿਵਾਰ ਰੋਣ ਲੱਗ ਪਿਆ। ਲੜਕੀ ਦੇ ਕੱਪੜੇ ਗਿੱਲੇ ਸਨ ਅਤੇ ਉਹ ਖੂਨ ਨਾਲ ਲੱਥਪੱਥ ਸੀ। ਉਸ ਦੀ ਭੈਣ ਦੁੱਗਰੀ ਥਾਣੇ ਵਿੱਚ ਲੜਕੀ ਦੇ ਅਗਵਾ ਹੋਣ ਦੀ ਸ਼ਿਕਾਇਤ ਕਰਨ ਗਈ ਸੀ।

ਪਰਿਵਾਰਕ ਮੈਂਬਰਾਂ ਨੇ ਭੈਣ ਨੂੰ ਸੂਚਿਤ ਕੀਤਾ ਤਾਂ ਤੁਰੰਤ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਲਈ ਕਿਹਾ। ਰਿਸ਼ਤੇਦਾਰਾਂ ਅਨੁਸਾਰ ਲੜਕੀ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਲੜਕੀ ਨਾਲ ਬਹੁਤ ਮਾੜਾ ਵਰਤਾਰਾ ਵਾਪਰਿਆ ਹੈ।

ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਤੁਰੰਤ ਫਾਂਸੀ ਦਿੱਤੀ ਜਾਵੇ। ਲੋਕਾਂ ਅਨੁਸਾਰ ਇਲਾਕੇ ਵਿੱਚ ਪੁਲੀਸ ਗਸ਼ਤ ਦੀ ਬਹੁਤ ਲੋੜ ਹੈ। ਨਸ਼ੇੜੀ ਵੀ ਇਸ ਇਲਾਕੇ ਵਿੱਚ ਘੁੰਮਦੇ ਰਹਿੰਦੇ ਹਨ। ਕਿਸੇ ਬੱਚੀ ਨਾਲ ਇਸ ਤਰ੍ਹਾਂ ਜਨਤਕ ਤੌਰ ‘ਤੇ ਬਲਾਤਕਾਰ ਕਰਨਾ ਬਹੁਤ ਹੀ ਸ਼ਰਮਨਾਕ ਹੈ।

ਸਰਕਾਰ ਖਿਲਾਫ ਗੁੱਸਾ

ਲੋਕਾਂ ਵਿੱਚ ਵੀ ਸਰਕਾਰ ਪ੍ਰਤੀ ਗੁੱਸਾ ਹੈ। ਲੋਕਾਂ ਅਨੁਸਾਰ ਹੁਣ ਕੁੜੀਆਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਪੁਲਿਸ ਨੂੰ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਫੋਰੈਂਸਿਕ ਟੀਮ ਨੇ ਵੀ ਇਸ ਮਾਮਲੇ ਦੀ ਜਾਂਚ ਕੀਤੀ ਹੈ। ਮੁਲਜ਼ਮ ਜਿਸ ਆਟੋ ਵਿੱਚ ਲੜਕੀ ਨੂੰ ਲੈ ਕੇ ਗਿਆ ਸੀ, ਉਸ ਦੇ ਫਿੰਗਰ ਪ੍ਰਿੰਟ ਵੀ ਲਏ ਗਏ ਹਨ।

ਦੱਸ ਦਈਏ ਕਿ ਬੀਤੇ ਦਿਨੀਂ 13 ਦਸੰਬਰ ਨੂੰ ਮੋਹਾਲੀ ਵਿੱਚ ਇੱਕ ਆਟੋ ਚਾਲਕ ਵੱਲੋਂ ਆਪਣੇ ਸਾਥੀ ਨਾਲ ਇੱਕ ਕੁੜੀ ਨਾਲ ਛੇੜਖਾਨੀ ਕਰਨ ਦੀ ਹਰਕਤ ਸਾਹਮਣੇ ਆਈ ਸੀ । ਮੁਹਾਲੀ ਦੇ ਟਰੈਫ਼ਿਕ ਲਾਈਟ ਪੁਆਂਇੰਟ ਫੇਜ਼-6 ਤੋਂ ਆਟੋ ਵਿੱਚ ਸਵਾਰ ਹੋ ਕੇ ਜਾ ਰਹੀ ਮੁਟਿਆਰ ਨਾਲ ਆਟੋ ਚਾਲਕ ਅਤੇ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨਾਲ ਮਿਲ ਕੇ ਛੇੜਛਾੜ ਅਤੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਸ਼ਿਕਾਇਤ ਮਿਲਣ ’ਤੇ ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਮਲਕੀਤ ਸਿੰਘ ਉਰਫ਼ ਬੰਟੀ ਵਾਸੀ ਪਿੰਡ ਰਡਿਆਲਾ (ਖਰੜ) ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ ਅਤੇ ਮਨਮੋਹਨ ਸਿੰਘ ਉਰਫ਼ ਮਨੀ ਵਾਸੀ ਪਿੰਡ ਸਿੰਘਪੁਰਾ (ਕੁਰਾਲੀ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਅਪਰਾਧ ਲਈ ਵਰਤਿਆ ਆਟੋ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਪੁਲਿਸ ਨੇ 12 ਘੰਟਿਆਂ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।