India

ਜੰਤਰ ਮੰਤਰ ‘ਤੇ ਧਰਨਾ ਦੇ ਰਹੀਆਂ ਖਿਡਾਰਨਾਂ ਦੀ ਸ਼ਿਕਾਇਤ ‘ਤੇ ਦਰਜ ਹੋਵੇਗੀ ਐਫਆਈਆਰ,ਪੁਲਿਸ ਨੂੰ ਦਿੱਤੇ ਅਦਾਲਤ ਨੇ ਨਿਰਦੇਸ਼

ਦਿੱਲੀ : ਜੰਤਰ ਮੰਤਰ ‘ਤੇ ਧਰਨਾ ਦੇ ਰਹੀਆਂ ਖਿਡਾਰਨਾਂ ਦੀ ਸ਼ਿਕਾਇਤ ‘ਤੇ ਅੱਜ ਐਫਆਈਆਰ ਦਰਜ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਸੁਪਰੀਮ ਕੋਰਟ ਵਿੱਚ ਦਿੱਤੀ ਹੈ । ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਹਿਲਵਾਨ ਛੇ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਹਨ।ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਪਾਈ ਗਈ ਸੀ ,ਜਿਸ ‘ਤੇ ਅੱਜ ਸੁਣਵਾਈ ਹੋਈ ਹੈ।

ਸੁਪਰੀਮ ਕੋਰਟ ਨੇ ਅੱਜ ਪੁਲਿਸ ਨੂੰ ਨਿਰਦੇਸ਼ ਵੀ ਦਿੱਤਾ ਹੈ ਕਿ ਨਾਬਾਲਿਗ ਖਿਡਾਰਨਾਂ ਦੀਆਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

ਇਸ ਸੁਣਵਾਈ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰ ਕੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅਹੁੱਦੇ ਤੋਂ ਵੱਖ ਕਰਨ ਦੀ ਮੰਗ ਕੀਤੀ ਹੈ।

 

ਪਹਿਲਵਾਨਾਂ ਵੱਲੋਂ ਜਿਨਸੀ ਸੋਸ਼ਣ ਦੇ ਮਾਮਲੇ ਵਿੱਚ ਰੈਸਲਿੰਗ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੀਤਾ ਜਾ ਰਿਹਾ ਪ੍ਰਦਰਸ਼ਨ ਅੱਜ ਛੇਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਪਹਿਲਵਾਨਾਂ ਦੇ ਹੱਕ ਵਿੱਚ ਹੁਣ ਕੌਮੀ ਖਿਡਾਰੀਆਂ ਤੋਂ ਲੈ ਕੇ ਸਿਆਸੀ ਲੀਡਰ ਵੀ ਨਿੱਤਰ ਚੁੱਕੇ ਹਨ।

ਸਾਬਕਾ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਪਹਿਲਵਾਨਾਂ ਦੇ ਸਮਰਥਨ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਪਹਿਲਵਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ – ”ਕੀ ਉਨ੍ਹਾਂ ਨੂੰ ਕਦੇ ਇਨਸਾਫ਼ ਮਿਲੇਗਾ?” ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਦੇਵ ਨੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਵੀ ਟੈਗ ਕੀਤਾ ਹੈ।

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਵੀ ਪਹਿਲਵਾਨਾਂ ਲਈ ਆਵਾਜ਼ ਚੁੱਕੀ ਹੈ। ਭਾਰਤੀ ਐਥਲੀਟ ਨੀਰਜ ਚੋਪੜਾ ਨੇ ਇੱਕ ਟਵੀਟ ਕਰਦਿਆਂ ਲਿਖਿਆ, ”ਆਪਣੇ ਅਥਲੀਟਾਂ ਨੂੰ ਨਿਆਂ ਲਈ ਸੜਕਾਂ ‘ਤੇ ਬੈਠਾ ਦੇਖ ਮੈਨੂੰ ਦਰਦ ਹੁੰਦਾ ਹੈ। ਉਹ ਸਾਡੇ ਮਹਾਨ ਦੇਸ਼ ਦੀ ਅਗਵਾਈ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਸਖ਼ਤ ਮਹਿਨਤ ਕਰਦੇ ਹਨ।”

ਨੀਰਜ ਨੇ ਕਿਹਾ, ”ਇੱਕ ਰਾਸ਼ਟਰ ਦੇ ਤੌਰ ‘ਤੇ ਹਰੇਕ ਵਿਅਕਤੀ ਦੇ ਈਮਾਨ ਅਤੇ ਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਜੋ ਵੀ ਹੋ ਰਿਹਾ ਹੈ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਬੜੇ ਹੀ ਨਿਰਪੱਖ ਤੇ ਸਪਸ਼ਟ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ।”

ਨੀਰਜ ਚੋਪੜਾ ਨੇ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਕਿ ਉਹ ਇਨਸਾਫ਼ ਦੇਣ ਲਈ ਜਲਦੀ ਤੋਂ ਜਲਦੀ ਕਾਰਵਾਈ ਕਰਨ।

ਓਲੰਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟਵੀਟ ਕਰਕੇ ਕਿਹਾ ਕਿ ”ਐਥਲੀਟ ਹੋਣ ਦੇ ਨਾਤੇ, ਅਸੀਂ ਅੰਤਰਰਾਸ਼ਟਰੀ ਮੰਚ ‘ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹਰ ਰੋਜ਼ ਸਖ਼ਤ ਅਭਿਆਸ ਕਰਦੇ ਹਾਂ। ਇਹ ਬਹੁਤ ਚਿੰਤਾਜਨਕ ਹੈ ਕਿ ਭਾਰਤੀ ਕੁਸ਼ਤੀ ਪ੍ਰਸ਼ਾਸਨ ‘ਤੇ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਨੂੰ ਲੈ ਕੇ ਸਾਡੇ ਅਥਲੀਟਾਂ ਨੂੰ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਲੋੜ ਪਈ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਸਹੀ ਢੰਗ ਨਾਲ ਨਜਿੱਠਿਆ ਜਾਵੇ, ਅਥਲੀਟਾਂ ਨੂੰ ਸੁਣਿਆ ਜਾਵੇ ਅਤੇ ਨਿਰਪੱਖ ਤੇ ਸੁਤੰਤਰ ਤੌਰ ‘ਤੇ ਹੱਲ ਕੀਤਾ ਜਾਵੇ।”

ਉਨ੍ਹਾਂ ਕਿਹਾ, ”ਇਹ ਘਟਨਾ ਦਰਸਾਉਂਦੀ ਹੈ ਕਿ ਸਾਨੂੰ ਬਿਹਤਰ ਸੁਰੱਖਿਆ ਪ੍ਰਣਾਲੀ ਦੀ ਬਹੁਤ ਲੋੜ ਹੈ, ਤਾਂ ਜੋ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਅਤੇ ਪ੍ਰਭਾਵਿਤ (ਐਥਲੀਟਾਂ) ਲਈ ਨਿਆਂ ਯਕੀਨੀ ਬਣਾਇਆ ਜਾ ਸਕੇ। ਸਾਨੂੰ ਸਾਰੇ ਐਥਲੀਟਾਂ ਲਈ ਇੱਕ ਸੁਰੱਖਿਅਤ ਮਾਹੌਲ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।”

ਪਹਿਲਵਾਨ ਵਿਨੇਸ਼ ਫੋਗਾਟ ਨੇ ਭਾਰਤੀ ਕ੍ਰਿਕਟਰਾਂ ਅਤੇ ਹੋਰ ਖਿਡਾਰੀਆਂ ਦੀ ਚੁੱਪ ‘ਤੇ ਸਵਾਲ ਖੜ੍ਹੇ ਕੀਤੇ ਹਨ। ਵਿਨੇਸ਼ ਫੋਗਾਟ ਨੇ ਕਿਹਾ, “ਪੂਰਾ ਦੇਸ਼ ਕ੍ਰਿਕਟ ਦੀ ਪੂਜਾ ਕਰਦਾ ਹੈ ਪਰ ਇੱਕ ਵੀ ਕ੍ਰਿਕਟਰ ਨੇ ਕੁਝ ਨਹੀਂ ਬੋਲਿਆ। ਅਸੀਂ ਅਜਿਹਾ ਇਸ ਲਈ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਹੱਕ ‘ਚ ਬੋਲੋ, ਪਰ ਘੱਟੋ-ਘੱਟ ਆ ਕੇ ਇਹ ਤਾਂ ਕਹੋ ਕਿ ਇਨਸਾਫ਼ ਹੋਣਾ ਚਾਹੀਦਾ ਹੈ। ਇਸ ਨਾਲ ਮੈਨੂੰ ਬਹੁਤ ਦੁਖ ਹੁੰਦਾ ਹੈ। ਚਾਹੇ ਉਹ ਕ੍ਰਿਕਟਰ ਹੋਣ, ਬੈਡਮਿੰਟਨ ਖਿਡਾਰੀ, ਐਥਲੀਟ ਜਾਂ ਫਿਰ ਮੁੱਕੇਬਾਜ਼।”

ਵਿਨੇਸ਼ ਫੋਗਾਟ ਨੇ ਕਿਹਾ, “ਜਦੋਂ ਅਸੀਂ ਕੁਝ ਜਿੱਤਦੇ ਹਾਂ, ਤਾਂ ਤੁਸੀਂ ਸਾਨੂੰ ਵਧਾਈ ਦੇਣ ਲਈ ਅੱਗੇ ਆਉਂਦੇ ਹੋ। ਇੱਥੋਂ ਤੱਕ ਕਿ ਕ੍ਰਿਕਟਰ ਵੀ ਟਵੀਟ ਕਰਦੇ ਹਨ। ਹੁਣ ਕੀ ਹੋ ਗਿਆ? ਕੀ ਤੁਸੀਂ ਸਿਸਟਮ ਤੋਂ ਇੰਨਾ ਡਰਦੇ ਹੋ? ਜਾਂ ਹੋ ਸਕਦਾ ਹੈ ਕਿ ਉੱਥੇ ਵੀ ਕੁਝ ਗੜਬੜ ਚੱਲ ਰਹੀ ਹੋਵੇ?”

ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ 9 ਮਾਨਤਾ ਪ੍ਰਾਪਤ ਔਰਤਾਂ ਨੇ ਸ਼ਿਕਾਇਤ ਕੀਤੀ ਅਤੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਸਿੱਧੂ ਨੇ ਸੋਮਵਾਰ ਨੂੰ ਪਹਿਲਵਾਨਾਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦਾ ਦਾਅਵਾ ਕੀਤਾ ਹੈ।

ਪੀਟੀ ਊਸ਼ਾ ਨੇ ਬੀਤੇ ਕੱਲ੍ਹ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਤੋਂ ਬਾਅਦ ਕਿਹਾ ਕਿ ‘ਸੜਕਾਂ ‘ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਅਨੁਸ਼ਾਸਨਹੀਣਤਾ ਹੈ ਅਤੇ ਇਹ ਦੇਸ਼ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ’। ਪੀਟੀ ਊਸ਼ਾ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਚਲਾਉਣ ਲਈ ਤਿੰਨ ਮੈਂਬਰਾਂ ਦਾ ਪੈਨਲ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਪੈਨਲ ਵਿੱਚ ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ, ਵੁਸ਼ੂ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਅਤੇ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਸ਼ਾਮਲ ਹੋਣਗੇ, ਹਾਲਾਂਕਿ ਜੱਜ ਦੇ ਨਾਂ ‘ਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ।

ਪੀਟੀ ਊਸ਼ਾ ਦੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਹਿਤ ਹੋਰ ਪਹਿਲਵਾਨਾਂ ਨੇ ਕਿਹਾ ਕਿ ਉਨ੍ਹਾਂ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ, “ਉਹ ਖੁਦ ਇੱਕ ਔਰਤ ਹਨ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਅਸੀਂ ਤਿੰਨ ਮਹੀਨੇ ਇੰਤਜ਼ਾਰ ਕੀਤਾ। ਅਸੀਂ ਉਨ੍ਹਾਂ ਕੋਲ ਵੀ ਗਏ ਹਾਂ। ਪਰ ਸਾਡੇ ਨਾਲ ਇਨਸਾਫ ਨਹੀਂ ਹੋਇਆ ਅਤੇ ਸਾਨੂੰ ਇੱਥੇ ਆਉਣਾ ਪਿਆ।”

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਹਿਲਵਾਨ ਛੇ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਹਨ।