The Khalas Tv Blog Punjab ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ‘ਚ ਅੱਧੀ ਰਾਤ ਨੂੰ ਹੋਈ ਮਾੜੀ ਘਟਨਾ,ਜਿਆਦਾ ਨੁਕਸਾਨ ਤੋਂ ਹੋਇਆ ਬਚਾਅ
Punjab

ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ‘ਚ ਅੱਧੀ ਰਾਤ ਨੂੰ ਹੋਈ ਮਾੜੀ ਘਟਨਾ,ਜਿਆਦਾ ਨੁਕਸਾਨ ਤੋਂ ਹੋਇਆ ਬਚਾਅ

ਅੰਮ੍ਰਿਤਸਰ : ਹੈਰੀਟੇਜ ਸਟਰੀਟ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਇੱਕ ਧਮਾਕੇ ਦੀ ਆਵਾਜ਼ ਇਥੇ ਸੁਣੀ ਗਈ ਤੇ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੰਗਤ ‘ਤੇ ਪੱਥਰ ਦੇ ਟੁਕੜੇ ਵੀ ਡਿੱਗੇ । ਦੇਰ ਰਾਤ ਵਾਪਰੇ ਇਸ ਹਾਦਸੇ ਦਾ ਕਾਰਨ ਚਿਮਨੀ ਵਿੱਚ ਇਕੱਠੀ ਹੋਈ ਗੈਸ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਿਸੇ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮੌਕੇ ‘ਤੇ ਮੌਜੂਦ ਕੁੱਝ ਲੋਕਾਂ ਦੇ  ਸੱਟਾਂ ਜ਼ਰੂਰ ਲੱਗੀਆਂ ਹਨ।

ਧਮਾਕੇ ਕਾਰਨ ਨੇੜਲੇ ਇੱਕ ਰੈਸਟੋਰੈਂਟ ਦੀਆਂ ਖਿੜਕੀਆਂ ਵੀ ਨੁਕਸਾਨੀਆਂ ਗਈਆਂ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਉੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੌਕੇ ‘ਤੇ ਆ ਕੇ ਜਾਇਜ਼ਾ ਲੈਣ ਤੋਂ ਬਾਅਦ ਇਹ ਪਾਇਆ ਗਿਆ ਕਿ ਇਸ ਧਮਾਕੇ ਕਾਰਨ ਪਾਰਕਿੰਗ ਦਾ ਸ਼ੀਸ਼ਾ ਟੁਟਿਆ ਹੋਇਆ ਸੀ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਧਮਾਕੇ ਪਿਛੇ ਲਾਗੇ ਦੇ ਇੱਕ ਰੈਸਟੋਰੈਂਟ ਦੀ ਚਿਮਨੀ ਦੇ ਗਰਮ ਹੋ ਜਾਣ ਕਾਰਨ ਅੰਦਰ ਬਣੀ ਗੈਸ ਵਜਾ ਹੋ ਸਕਦੀ ਹੈ ਪਰ ਕਿਸੇ ਵੀ ਤਰਾਂ ਦੇ ਬੰਬ-ਧਮਕੇ ਦੀ ਸੰਭਾਵਨਾ ਨੂੰ ਉਹਨਾਂ ਪੂਰੀ ਤਰਾਂ ਨਕਾਰ ਦਿੱਤਾ ਹੈ।

ਉਧਰ ਅੰਮ੍ਰਿਤਸਰ ਪੁਲਿਸ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। CP ASR ਦੇ ਅਧਿਕਾਰਤ ਟਵਿੱਟਰ ਖਾਤੇ ‘ਤੇ ਪਾਈ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ  ਅੰਮ੍ਰਿਤਸਰ ‘ਚ ਧਮਾਕੇ ਨਾਲ ਜੁੜੀ ਇੱਕ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਸਥਿਤੀ ਕਾਬੂ ਹੇਠ ਹੈ। ਘਟਨਾ ਦੇ ਤੱਥਾਂ ਨੂੰ ਪਤਾ ਕਰਨ ਲਈ ਜਾਂਚ ਜਾਰੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ, ਸੋਸ਼ਲ ਮੀਡਿਆ ਤੇ ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ ।

 

Exit mobile version