‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵੈਟੀਕਨ ਵਿੱਚ ਗਲੋਬਲ ਜਲਵਾਯੂ ਸੰਕਟ ‘ਤੇ 40 ਧਾਰਮਿਕ ਲੀਡਰਾਂ ਦਾ ਇੱਕ ਇਕੱਠ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਤੋਂ ਆਗਾਮੀ (Upcoming) ਸੰਯੁਕਤ ਰਾਸ਼ਟਰ ਜਲਵਾਯੂ ਕਾਨਫਰੰਸ (UN climate conference) ਵਿੱਚ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵੱਡੇ ਉਪਾਵਾਂ ਦੇ ਸਮਰਥਨ ਕਰਨ ਦੀ ਕੋਸ਼ਿਸ਼ ਵਿੱਚ ਇਕੱਠੇ ਹੋਏ। ਵੈਟੀਕਨ ਵਿੱਚ ਪੋਪ ਫਰਾਂਸਿਸ ਵੱਲੋਂ “Faith and Science: An Appeal for COP26” ਦਾ ਆਯੋਜਨ ਕੀਤਾ ਗਿਆ ਸੀ।
ਇਹ ਮੌਕੇ ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਇੰਦਗੀ ਕੀਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਬੋਲਦਿਆਂ ਕਿਹਾ ਕਿ “ਵਾਤਾਵਰਣ ‘ਚ ਵਿਗਾੜ ਮਨੁੱਖਤਾ ਦੀ ਸਾਂਝੀ ਚਿੰਤਾ ਹੈ। ਇਸਦੇ ਪ੍ਰਭਾਵ ਸਾਰਿਆਂ ਲਈ ਇੱਕੋ ਜਿਹੇ ਹੋਣਗੇ, ਇਹ ਸਾਰਿਆਂ ਮੁਲਕਾਂ ਲਈ ਵੀ ਬਰਾਬਰ ਦੀ ਚੁਣੌਤੀ ਹੈ।” ਉਹਨਾਂ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਜੋ ਜਪੁਜੀ ਸਾਹਿਬ ਜੀ ਦੀ ਬਾਣੀ ਵਿੱਚ ਸਲੋਕ ਵਜੋਂ ਦਰਜ ਹੈ “ਪਵਣੁ ਗੁਰੂ ਪਾਣੀ ਪਿਤਾ……….” ਵੀ ਪੜ੍ਹਿਆ।
ਡਾ.ਰਾਜਵੰਤ ਸਿੰਘ ਨੇ ਇਸ ਸਲੋਕ ਦਾ ਮਤਲਬ ਸਮਝਾਉਂਦਿਆਂ ਕਿਹਾ ਕਿ ਪਾਣੀ ਪਿਤਾ ਹੈ, ਹਵਾ ਗੁਰੂ ਹੈ ਅਤੇ ਧਰਤੀ ਸਾਡੀ ਸਾਰਿਆਂ ਦੀ ਮਾਤਾ ਹੈ। ਸਾਨੂੰ ਇਨ੍ਹਾਂ ਦਾ ਕਦੇ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ। ਪਰ ਅੱਜ ਅਸੀਂ ਪਰਮਾਤਮਾ ਦੀਆਂ ਰਚੀਆਂ ਇਨ੍ਹਾਂ ਚੀਜ਼ਾਂ ਦੇ ਨਾਲ ਛੇੜ-ਛਾੜ ਕਿਉਂ ਕਰ ਰਹੇ ਹਨ।
ਡਾ.ਰਾਜਵੰਤ ਸਿੰਘ ਗਲਾਸਗੋ ਵਿੱਚ ਹੋਏ COP26 ਵਿੱਚ ਸ਼ਾਮਿਲ ਵੀ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਈਕੋਸਿੱਖ ਵੱਲੋਂ ਲਗਾਏ ਜਾ ਰਹੇ ਜੰਗਲਾਂ ਬਾਰੇ ਵੀ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਇਹ ਜੰਗਲ ਪੰਜਾਬ ਵਿੱਚ ਵੀ ਲਗਾਏ ਜਾਣਗੇ। COP26 31 ਅਕਤੂਬਰ ਤੋਂ 12 ਨਵੰਬਰ ਤੱਕ ਹੋਇਆ ਹੈ।