UK : ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਸਮਰਪਿਤ ਦੋ ਰੋਜ਼ਾ ਪੰਜਾਬੀ ਕਾਨਫਰੰਸ ਯੂਕੇ 2023 ਦਾ 29 ਅਤੇ 30 ਜੁਲਾਈ ਨੂੰ ਪ੍ਰੋਗਰਾਮ ਕਰਵਾਇਆ ਗਿਆ। ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਯੂਕੇ ਵਿੱਚ ਪੰਜਾਬੀ ਪੜਾ ਰਹੇ ਅਧਿਆਪਕਾਂ ਦੀ ਸਿਖਲਾਈ ਉੱਪਰ ਵਰਕਸ਼ਾਪ ਲਗਾਈ ਗਈ। ਦੂਸਰੇ ਸੈਸ਼ਨ ਵਿੱਚ ਪਹਿਲਾ ਪਰਚਾ ‘ਬਰਤਾਨੀਆ ਵਿੱਚ ਪੰਜਾਬੀ ਦੀ ਪੜਾਈ ਨਾਲ ਜੁੜੇ ਮਸਲੇ’ ਉੱਪਰ ਅਰਮਿੰਦਰ ਸਿੰਘ ਤੇ ਤਜਿੰਦਰ ਕੌਰ ਨੇ ਪਰਚਾ ਪੜਿਆ। ਜਿਸਦੀ ਪ੍ਰਧਾਨਗੀ ਰਸ਼ਪਾਲ ਕੌਰ ਸਿੰਘ ਨੇ ਕੀਤੀ।
ਇਸ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਪੰਜਾਬ ਭਵਨ ਸਰੀ ਕੈਨੇਡਾ ਤੋਂ ਆਏ ਸੁੱਖੀ ਬਾਠ ਅਤੇ ਦਲਵੀਰ ਸਿੰਘ ਕਥੂਰੀਆ, ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂਕੇ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਕਵੀ ਦਰਬਾਰ ਵੀ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਕਵੀਆਂ ਤੇ ਸ਼ਾਇਰਾਂ ਨੇ ਭਾਗ ਲਿਆ।
ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸਖਸ਼ੀਅਤਾਂ ਦਾ ਸਨਮਾਨ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਕੀਤਾ ਗਿਆ, ਜਿਨ੍ਹਾਂ ਵਿੱਚ ਰੂਪ ਢਿਲੋਂ, ਬਲਬੀਰ ਕੰਵਲ, ਬਲਿਹਾਰ ਸਿੰਘ ਰੰਧਾਵਾ, ਸੁਜਿੰਦਰ ਸਿੰਘ ਸੰਘਾ, ਡਾ ਗੁਰਦਿਆਲ ਸਿੰਘ ਰਾਏ, ਹਰਵਿੰਦਰ ਕੌਰ ਰਾਏ ਤੇ ਸਰੂਪ ਸਿੰਘ ਸ਼ਾਮਿਲ ਸਨ।