Punjab

ਬਠਿੰਡਾ ਦੇ ਪਿੰਡ ਬਦਿਆਲਾ ’ਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

 ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਨੇੜੇ ਪਿੰਡ ਬਦਿਆਲਾ ਦੇ ਖੇਤਾਂ ਵਿਚ ਬਣਾਈ ਕੋਠੀ ਵਿਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਪਤੀ-ਪਤਨੀ ਦੇ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਡੀਆਈਜੀ ਹਰਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਹਨ।

ਮ੍ਰਿਤਕਾਂ ਦੀ ਪਛਾਣ 66 ਸਾਲਾ ਗਿਆਸ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ (62) ਵਜੋਂ ਹੋਈ ਹੈ। ਦੋਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਦੋਵਾਂ ਦੇ ਸਿਰਾਂ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਤਲ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

ਦੋਹਰੇ ਕਤਲ ਦੀ ਸੂਚਨਾ ਮਿਲਣ ’ਤੇ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਦੱਸਿਆ ਕਿ ਜੋੜਾ ਖੇਤ ‘ਚ ਬਣੇ ਘਰ ‘ਚ ਇਕੱਲਾ ਰਹਿੰਦਾ ਸੀ। ਪੁਲਿਸ ਨੂੰ ਰਾਤ ਨੂੰ ਕਤਲ ਦੀ ਸੂਚਨਾ ਮਿਲੀ ਸੀ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।