ਚਰਖੀ ਦਾਦਰੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਚਰਖੀ ਦਾਦਰੀ ਤੋਂ ਇੱਕ ਮਾੜੀ ਘਟਨੀ ਵਾਪਰਨ ਦੀ ਸੂਚਨਾ ਮਿਲੀ ਹੈ,ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ । ਇਥੇ ਇਥੇ ਇੱਕ ਬਜ਼ੁਰਗ ਜੋੜੇ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮਹੱਤਿਆ ਕਰ ਲਈ ਗਈ ਹੈ।ਮੌਤ ਦੇ ਮੂੰਹ ਵਿੱਚ ਜਾਣ ਤੋਂ ਪਹਿਲਾਂ ਬਜ਼ੁਰਗ ਜੋੜੇ ਨੇ ਆਪਣੇ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਕਾਰਨਾਂ ਨੂੰ ਇੱਕ ਨੋਟ ਵਿੱਚ ਲਿਖਿਆ ਤੇ ਆਪ ਹੀ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਨੋਟ ‘ਚ ਉਹਨਾਂ ਆਪਣੇ ਪੁੱਤਰ ‘ਤੇ ਇਹ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਕੋਲ 30 ਕਰੋੜ ਦੀ ਜਾਇਦਾਦ ਹੋਣ ਦੇ ਬਾਵਜੂਦ ਉਹਨਾਂ ਦਾ ਬੇਟਾ ਉਹਨਾਂ ਦੋਨਾਂ ਨੂੰ ਖਾਣ ਲਈ ਸੁੱਕੀ ਤੇ ਬੇਹੀ ਰੋਟੀ ਦਿੰਦਾ ਸੀ। ਜਿਸ ਨੂੰ ਖਾਣ ਤੋਂ ਅਸਮਰਥ ਹੋਣ ਕਾਰਨ ਉਹਨਾਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ।
ਖੁਦਕੁਸ਼ੀ ਕਰਨ ਵਾਲੇ ਦੋਵੇਂ ਬਜ਼ੁਰਗ ਆਈਏਐਸ ਵਿਵੇਕ ਆਰੀਆ ਦੇ ਦਾਦਾ-ਦਾਦੀ ਹਨ। ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਜ਼ਹਿਰ ਖਾਣ ਤੋਂ ਬਾਅਦ ਆਈਏਐਸ ਵਿਵੇਕ ਆਰੀਆ ਦੇ ਦਾਦਾ ਨੇ ਖੁੱਦ ਪੁਲਿਸ ਨੂੰ ਸੂਚਨਾ ਦਿੱਤੀ ਤੇ ਖੁੱਦ ਹੀ ਪੁਲਸ ਦੇ ਮੌਕੇ ‘ਤੇ ਪਹੁੰਚਣ ‘ਤੇ ਸੁਸਾਈਡ ਨੋਟ ਉਹਨਾਂ ਨੂੰ ਸੌਂਪਿਆ ।
ਹਾਲਤ ਵਿਗੜਨ ‘ਤੇ ਬਜ਼ੁਰਗ ਜੋੜੇ ਨੂੰ ਪਹਿਲਾਂ ਬਢਲਾ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਦਾਦਰੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ‘ਤੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲੇ ਪਤੀ-ਪਤਨੀ ਦੀ ਪਛਾਣ 78 ਸਾਲਾ ਜਗਦੀਸ਼ਚੰਦ ਅਤੇ 77 ਸਾਲਾ ਭਾਗਲੀ ਦੇਵੀ ਦੇ ਰੂਪ ਵਿੱਚ ਹੋਈ ਹੈ। ਜੋ ਕਿ ਸਥਾਨਕ ਸ਼ਿਵ ਕਲੋਨੀ ਵਿੱਚ ਆਪਣੇ ਲੜਕੇ ਵਰਿੰਦਰ ਆਰਿਆ ਕੋਲ ਰਹਿੰਦੇ ਸਨ। ਵਰਿੰਦਰ ਆਰੀਆ ਦਾ ਪੁੱਤਰ ਵਿਵੇਕ ਆਰੀਆ 2021 ਵਿੱਚ ਆਈਏਐਸ ਬਣਿਆ ਅਤੇ ਹਰਿਆਣਾ ਕੇਡਰ ਹਾਸਲ ਕੀਤਾ। ਵਰਤਮਾਨ ਵਿੱਚ ਉਹ ਅੰਡਰ ਟਰੇਨੀ ਵਜੋਂ ਕੰਮ ਕਰ ਰਿਹਾ ਹੈ ਅਤੇ ਉਸਦੀ ਪੋਸਟਿੰਗ ਕਰਨਾਲ ਵਿੱਚ ਹੈ।
ਦੂਜੇ ਪਾਸੇ ਮ੍ਰਿਤਕ ਦੇ ਪੁੱਤਰ ਵਰਿੰਦਰ ਨੇ ਆਪਣਾ ਪੱਖ ਰੱਖਿਆ ਹੈ ਤੇ ਦੱਸਿਆ ਕਿ ਜ਼ਹਿਰ ਖਾਣ ਦੀ ਸੂਚਨਾ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਸੀ। ਉਮਰ ਦੇ ਇਸ ਪੜਾਅ ‘ਤੇ ਦੋਵੇਂ ਬੀਮਾਰੀ ਕਾਰਨ ਪ੍ਰੇਸ਼ਾਨ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਜਗਦੀਸ਼ ਚੰਦ ਨੇ ਮਰਨ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ‘ਚ ਆਪਣੇ ਮਾੜੇ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਆਪਣੀਆਂ ਦੋ ਨੂੰਹਾਂ, ਇੱਕ ਪੁੱਤਰ ਅਤੇ ਇੱਕ ਭਤੀਜੇ ਨੂੰ ਆਪਣੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ ਤੇ ਸਰਕਾਰ ਅਤੇ ਸਮਾਜ ਤੋ ਇਹਨਾਂ ਦੇਣ ਦੀ ਮੰਗ ਕੀਤੀ ਹੈ। ਜਿਸ ਦੇ ਆਧਾਰ ਤੇ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।