Punjab Religion

ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਹਰਜਿੰਦਰ ਸਿੰਘ ਧਾਮੀ

ਅੰਮ੍ਰਿਤਸਰ : ਅੱਜ ਸ਼੍ਰੋਮਣੀ ਕਮੇਟੀ ਦੀ ਨਵੀਂ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੀ ਹੋਈ ਮੀਟਿੰਗ ਵਿਚ ਕਈ ਪ੍ਰਸਤਾਵ ਪਾਸ ਕੀਤੇ ਗਏ ਹਨ।

ਉਨ੍ਹਾਂ ਏਅਰਪੋਰਟ ਦੇ ਕਿਰਪਾਨ ਪਾਉਣ ਦੀ ਰੋਕ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਸਿੱਖ ਕਰਚਾਰੀਆਂ ਨੂੰ ਕਿਰਪਾਨ ਪਾ ਕੇ ਡਿਊਟੀ ਨਾ ਕਰਨ ਦੇਣ ਸੰਬੰਧੀ ਉਹ ਜਲਦ ਹੀ ਭਾਰਤ ਸਰਕਾਰ ਨੂੰ ਮਿਲਣਗੇ, ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਵੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ 5 ਮੈਂਬਰੀ ਇਕ ਡੈਲੀਗੇਸ਼ਨ ਵੀ ਬਣਾਇਆ ਗਿਆ ਹੈ।

ਭਾਰਤ ਦੇ ਸੰਵਿਧਾਨ ਦੀ ਉਲੰਘਣਾ

ਉਨ੍ਹਾਂ ਨੇ ਕਿਹਾ ਕਿ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਵੱਡਾ ਹਮਲਾ ਹੈ ਅਤੇ ਉਹ ਭਾਰਤ ਦੇ ਸੰਵਿਧਾਨ ਵੀ ਉਲੰਘਣਾ ਹੈ। ਕਿਉਂਕਿ ਦੇਸ਼ ਅੰਦਰ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ ਪਹਿਨ ਕੇ ਚੱਲਣ ਦਾ ਅਧਿਕਾਰ ਹੈ। ਧਾਮੀ ਨੇ ਅੱਗੇ ਕਿਹਾ ਕਿ ਸਿੱਖਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਿਖਿਆ ਦੇਣ ਅਤੇ ਡਿਊਟੀ ਕਰਨ ਸਮੇਂ ਵਾਰ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਸਿੱਖ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੇ

ਕੈਨੇਡਾ ਵਿੱਚ ਹੋਈਆਂ ਝੜਪਾਂ ਦੇ ਮਾਮਲੇ ਤੇ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ।  ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਕਿਸੇ ਦੂਸਰੇ ਧਰਮ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਸਿੱਖਾਂ ਨੂੰ ਲੈ ਕੇ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ।

ਧਾਮੀ ਨੇ ਕਿਹਾ ਕਿ ਪਿਛਲੇ ਦਿਨੀਂ ਕੈਨੇਡਾ ਅੰਦਰ ਜੋ ਘਟਵਾਨਾਂ ਵਾਪਰੀਆਂ ਹਨ ਸਿੱਖ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਆਪਸੀ ਵਿਚਾਰਾਂ ਦੇ ਵਖਰੇਵੇਂ ‘ਤੇ ਟਕਰਾਅ ਨੂੰ ਹਿੰਦੂ ਧਰਮ ਦੇ ਮੰਦਰ ਤੇ ਸਿੱਖਾਂ ਵੱਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸਿੱਖ ਕਦੇ ਵੀ ਕਿਸੇ ਦਾ ਧਾਰਮਿਕ ਅਸਥਾਨ ਤੇ ਹਮਲੇ ਬਾਰੇ ਸੋਚ ਵੀ ਨਹੀਂ ਸਕਦੇ। ਧਾਮੀ ਨੇ ਕਿਹਾ ਕਿ ਸਿੱਖਾਂ ਦਾ ਅਕਸ ਦੂਸਰੇ ਧਰਮਾਂ ਦੇ ਰੱਖਿਆ ਕਰਨ ਵਾਲਾ ਰਿਹਾ ਹੈ ।

ਜਿਸ ਸਬੰਧੀ ਮਤਾ ਪਾਸ ਕਰਦਿਆਂ ਧਾਮੀ ਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਹਰ ਸਿੱਖ ਦੀ ਜਾਨ ਕੌਮ ਲਈ ਕੀਮਤੀ ਹੈ ਪਰ ਜੇਕਰ ਕਿਸੇ ਦਾ ਕੋਈ ਜੁਰਮ ਹੈ ਤਾਂ ਉਸ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਨਾਨਕਾਣਾ ਸਾਹਿਬ ਜਾਣ ਵਾਲੇ ਜਥੇ ਬਾਰੇ ਬੋਲਦਿਆਂ ਧਾਮੀ ਨੇ ਕਿਹਾ ਪ੍ਰਕਾਸ਼ ਪੂਬਰ ਮੌਕੇ ਕਰੀਬ 3 ਹਜ਼ਾਰ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ ਪਰ ਇਸ ਵਾਰ 1800 ਦੇ ਵਿੱਚੋਂ 763 ਵੀਜ਼ੇ ਦਿੱਤੇ ਗਏ ਹਨ ਅਤੇ 1481 ਵੀਜ਼ੇ ਕੱਟ ਦਿੱਤੇ ਗਏ ਹਨ।  ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਮੰਗ ਕੀਤੀ ਕਿ ਜਿੰਨੇ ਵੀਜ਼ੇ ਸ਼੍ਰੋਮਣੀ ਕਮੇਟੀ ਵੱਲੋਂ ਅਪਲਾਈ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਵੀਜ਼ੇ ਦਿੱਤੇ ਜਾਣ।

ਸੁਧਾਰ ਲਹਿਰ ਦੇ ਆਗੂਆਂ ਨੂੰ ਜਵਾਬ

ਸੁਖਬੀਰ ਬਾਦਲ ਦੇ ਮਾਮਲੇ ਨੂੰ ਲੈਕੇ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਵਾਲ ਚੁੱਕੇ ਜਾਂਦੇ ਸਨ। ਜਿਸ ਦੇ ਜਵਾਬ ਵਿੱਚ ਧਾਮੀ ਨੇ ਕਿਹਾ ਕਿ ਜੱਥੇਦਾਰ ਸਾਹਿਬ ਨੂੰ ਕੋਈ ਵੀ ਸਿੱਖ ਮਿਲ ਸਕਦਾ ਹੈ। ਸੁਧਾਰ ਲਹਿਰ ਦੇ ਆਗੂ ਵੀ ਤਾਂ ਕਈ ਵਾਰ ਖੁਦ ਜਥੇਦਾਰ ਨਾਲ ਮਿਲੇ ਹਨ। ਜਿੱਥੋਂ ਤੱਕ ਉਹਨਾਂ ਦੇ ਸਿੰਘ ਸਾਹਿਬ ਨੂੰ ਮਿਲਣ ਦਾ ਸਵਾਲ ਹੈ ਉਹਨਾਂ ਦੀ ਰੋਜ਼ ਹੀ ਸਿੰਘ ਸਹਿਬਾਨਾਂ ਨਾਲ ਗੱਲ ਹੁੰਦੀ ਹੈ। ਉਹਨਾਂ ਤੇ ਸਿੰਘ ਸਾਹਿਬ ਨੂੰ ਮਿਲਣ ਦੀ ਕੋਈ ਰੋਕ ਨਹੀਂ ਹੈ।