ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਘਟਨਾ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਟਾਰਗੇਟ ਕਿਲਿੰਗ ਚਾਹੇ ਪੰਜਾਬ ਹੋਵੇ ਜਾਂ ਰਾਜਸਥਾਨ ਜਾਂ ਦੁਨੀਆ ‘ਚ ਕਿਤੇ ਵੀ ਹੋਵੇ, ਇਹ ਨਿੰਦਣਯੋਗ ਹੈ |
ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦਾ ਨਾਂ ਲੈ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆ ਵਿੱਚ ਸਿੱਖਾਂ ਵਰਗਾ ਸ਼ਾਂਤ ਸੁਭਾਅ ਵਾਲਾ ਹੋਰ ਕੋਈ ਨਹੀਂ। ਸਿੱਖਾਂ ਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ ਹੈ ਤੇ ਜਦੋਂ ਉਹ ਅਗਰੈਸਿਵ ਹੁੰਦੇ ਹਨ ਤਾਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਨੇ ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈ ਕੇ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਿਆਂ ਨੂੰ ਇਕੱਠਾ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਨੂੰ ਰੋਕਣ ਲਈ ਬੁਰੀ ਤਰ੍ਹਾਂ ਫੈਲ ਹੋ ਚੁੱਕੀਆਂ ਹਨ, ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਮੁੰਡੇ-ਕੁੜੀਆਂ ਦਾ ਨਸ਼ੇ ਵਿੱਚ ਗ੍ਰਸਤ ਹੋਣਾ ਆਉਣ ਵਾਲੇ ਸਮੇਂ ਲਈ ਠੀਕ ਨਹੀਂ ਹੈ।
ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਤਿਵਾਦੀ ਪਰਮਜੀਤ ਸਿੰਘ ਪੰਜਵੜ ਦੀਆਂ ਅਸਥੀਆਂ ਭਾਰਤ ਲਿਆਉਣ ਅਤੇ ਵਿਸਰਜਨ ਕਰਨ ਦੀ ਇਜਾਜ਼ਤ ਦੇਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਸਸਕਾਰ ਨਾ ਕਰਨ ਦੇਣਾ ਵੀ ਨਿੰਦਣਯੋਗ ਸੀ। ਉਨ੍ਹਾਂ ਕਿਹਾ ਕਿ ਇਹ ਉਸ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਹੈ ਜੋ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਚੁੱਕਾ ਹੈ। ਇਸ ਦੇ ਨਾਲ ਹੀ ਆਪਣੇ ਆਪ ਨੂੰ ਸਾਧੂਆਂ ਦੀ ਧਰਤੀ ਕਹਾਉਣ ਵਾਲੇ ਦੇਸ਼ ਲਈ ਇਹ ਸ਼ਰਮ ਵਾਲੀ ਗੱਲ ਹੈ।