ਸਮਰਾਲਾ, ਖੰਨਾ ਦੇ ਪਿੰਡ ਢਿਲਵਾਂ ਦੇ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਰੋਹ ਦੀ ਲਹਿਰ ਫੈਲ ਗਈ। ਪੁਲਿਸ ਨੇ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਔਰਤ ਜਸਵੰਤ ਕੌਰ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ।
ਸੀਸੀਟੀਵੀ ‘ਚ ਦਿਖਾਈ ਦੇ ਰਿਹਾ ਹੈ ਕਿ ਪਿੰਡ ਦੀ ਜਸਵੰਤ ਕੌਰ, ਜੋ ਕਿ ਦਿਮਾਗੀ ਤੌਰ ‘ਤੇ ਬਿਮਾਰ ਦੱਸੀ ਜਾਂਦੀ ਹੈ, ਗੁਰਦੁਆਰਾ ਸਾਹਿਬ ਆਉਂਦੀ ਹੈ। ਉਹ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਸ਼ੋਭਿਤ ਸਥਾਨ ‘ਤੇ ਬੈਠਦੀ ਹੈ ਅਤੇ ਪਵਿੱਤਰ ਸਰੂਪ ਦੇ ਅੰਗਾਂ (ਪੰਨਿਆਂ) ਨਾਲ ਛੇੜਛਾੜ ਕਰਦੀ ਹੈ। ਫਿਰ ਉਹ ਪਵਿੱਤਰ ਸਰੂਪ ਨੂੰ ਇਕ ਪਾਸੇ ਇਕੱਠਾ ਕਰਦੀ ਹੈ। ਜਦੋਂ ਹੋਰ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਛੇੜਛਾੜ ਦਾ ਖੁਲਾਸਾ ਹੁੰਦਾ ਹੈ।
ਗੁਰੂਦੁਆਰਾ ਚਰਨਕੰਵਲ ਸਾਹਿਬ ਮਾਛੀਵਾੜਾ ਦੇ ਸ੍ਰੋਮਣੀ ਕਮੇਟੀ ਕਥਾਵਾਚਕ ਅਤੇ ਪ੍ਰਚਾਰਕ ਇਕਨਾਮ ਸਿੰਘ ਨੇ ਦੱਸਿਆ ਕਿ ਇਸ ਮੰਦਬੁੱਧੀ ਔਰਤ ਵੱਲੋਂ ਬੇਅਦਬੀ ਦੀ ਘਟਨਾ ਨੂੰ ਸਵੇਰੇ ਕਰੀਬ 5.00 ਵਜੇ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਵੇਰੇ 5.00 ਵਜੇ ਜਿਓ ਹੀ ਨਿਤਨੇਮ ਦੇ ਭੋਗ ਪਾ ਕੇ ਗੁਰੂਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਅਤੇ ਇਸੇ ਹਦੂਦ ਅੰਦਰ ਬਣੇ ਆਪਣੇ ਰਿਹਾਇਸ਼ੀ ਕਮਰੇ ਵਿਚ ਚਲਾ ਗਿਆ। ਉਸ ਤੋਂ ਬਾਅਦ ਜਦੋਂ ਸੰਗਤਾਂ ਮੱਥਾ ਟੇਕਣ ਲਈ ਗੁਰੂਦੁਆਰਾ ਸਾਹਿਬ ਅੰਦਰ ਆਈਆਂ ਤਾਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆ ਦੀ ਹੋਈ ਹਿਲਜੁਲ ਨੂੰ ਦੇਖ ਕੇ ਸ਼ੱਕ ਜ਼ਾਹਿਰ ਕੀਤਾ।
ਇਸ ਸਬੰਧੀ ਜਦੋਂ ਗ੍ਰੰਥੀ ਸਿੰਘ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ। ਕੈਮਰੇ ਚੈੱਕ ਕਰਨ ‘ਤੇ ਪਤਾ ਚੱਲਿਆ ਕਿ ਗ੍ਰੰਥੀ ਸਿੰਘ ਦੇ ਗੁਰੂਦੁਆਰਾ ਸਾਹਿਬ ਦੇ ਬਾਹਰ ਜਾਣ ਤੋਂ ਬਾਅਦ ਇਹ ਮੰਦਬੁੱਧੀ ਔਰਤ ਨੇ ਗੁਰੂਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਹਟਾਇਆ ਤੇ ਚੌਰ ਸਾਹਿਬ ਕਰਨ ਲੱਗ ਪਈ ਅਤੇ ਫਿਰ ਮਹਾਰਾਜ ਦੇ ਸਾਰੇ ਅੰਗ ਇਕ ਪਾਸੇ ਕਰ ਦਿੱਤੇ। ਇਸ ਤੋਂ ਬਾਅਦ ਉਸਨੇ ਮਹਾਰਾਜ ਸਾਹਿਬ ਸੰਤੋਖ ਦਿੱਤੇ। ਫਿਰ ਉਹ ਗੁਰੂਦੁਆਰਾ ਸਾਹਿਬ ਤੋਂ ਬਾਹਰ ਚਲੀ ਗਈ।
ਇਸ ਮੌਕੇ ‘ਤੇ ਪੁੱਜੇ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਜਿਸ ਔਰਤ ਨੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ,ਉਸਦੇ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜੋ ਖੁਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਮਰਿਆਦਾ ਅਨੁਸਾਰ ਸਾਂਭ ਸੰਭਾਲ ਨਹੀਂ ਕਰ ਰਹੀ। ਉਸ ਕਮੇਟੀ ਦੇ ਖਿਲਾਫ਼ ਵੀ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸਬੰਧ ਵਿਚ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਢਿੱਲਵਾਂ ਵਿਖੇ ਹੋਈ ਇਸ ਘਟਨਾ ਸਬੰਧੀ 40 ਸਾਲਾ ਜਸਵੰਤ ਕੌਰ ਨਾਮੀ ਮੰਦਬੁੱਧੀ ਔਰਤ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ ਐਕਟ 295 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।