ਹੁਸ਼ਿਆਰਪੁਰ ਵਿਚ ਅਕਾਲੀ ਨੇਤਾ ਸੁਰਜੀਤ ਅਣਖੀ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਇਹ ਹੈ ਕਿ, ਸੁਰਜੀਤ ਸਿੰਘ ਅਣਖੀ ਸਾਬਕਾ ਸਰਪੰਚ ਸਨ ਅਤੇ ਅਕਾਲੀ ਦਲ ਦੇ ਸਰਗਰਮ ਨੇਤਾ ਸਨ। ਉਨ੍ਹਾਂ ਦਾ ਦੁਕਾਨ ਉੱਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕੇ ਸੁਰਜੀਤ ਸਿੰਘ ਅਣਖੀ ਆਪਣੇ ਕੰਮਕਾਜ ਤੋਂ ਬਾਅਦ ਆਪਣੇ ਘਰ ਦੇ ਬਾਹਰਲੇ ਪਾਸੇ ਬਣਾਈ ਕਰਿਆਨੇ ਦੁਕਾਨ ‘ਤੇ ਬੈਠਾ ਪਿੰਡ ਵਾਸੀਆਂ ਅਤੇ ਪਿੰਡ ਦੇ ਇਕ ਪੰਚ ਨਾਲ ਹੀ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲਾਂ ‘ਤੇ ਸਵਾਰ ਹਮਲਾਵਰਾਂ ਨੇ ਆਉਂਦੇ ਹੀ ਉਹਨਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਚਾਰ ਗੋਲ਼ੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਉਹਨਾਂ ਦੇ ਸਰੀਰ ਤੇ ਤਿੰਨ ਗੋਲ਼ੀਆਂ ਲੱਗੀਆਂ ਤੇ ਉਹ ਉੱਥੇ ਹੀ ਢੇਰ ਹੋ ਗਏ।
ਹਮਲਾਵਰ ਜਰਨੈਲੀ ਸੜਕ ਵੱਲ ਨੂੰ ਫ਼ਰਾਰ ਹੋ ਗਏ। ਘਟਨਾ ਦੌਰਾਨ ਸੁਰਜੀਤ ਸਿੰਘ ਦੇ ਤਿੰਨ ਗੋਲੀਆਂ ਲੱਗੀਆਂ ਅਤੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੀ ਪਤਨੀ ਪਿੰਡ ਦੀ ਮੌਜੂਦਾ ਸਰਪੰਚ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਡੀ.ਐੱਸ.ਪੀ (ਦਿਹਾਤੀ) ਤਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬੁੱਲ੍ਹੋਵਾਲ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ। ਇੱਥੇ ਇਹ ਵਰਨਨਯੋਗ ਹੈ ਕਿ ਸੁਰਜੀਤ ਸਿੰਘ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ। ਡੀਐੱਸਪੀ ਤਲਵਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਅਲੱਗ-ਅਲੱਗ ਕੇਂਦਰ ਬਿੰਦੂਆਂ ‘ਤੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਹਮਲਾਵਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।