Punjab

ਅਵਾਰਾ ਪਸ਼ੂ ਦੇ ਕਾਰਨ ਮੋਟਰਸਾਈਕਲ ਸਵਾਰ ਦਾ ਹੋਇਆ ਬੁਰਾ ਹਾਲ….

An accident with a stray animal killed a motorcyclist, the only brother of three sisters

ਲਾਵਾਰਿਸ ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਇੰਨੀ ਜ਼ਿਆਦਾ ਵਧ ਚੁੱਕੀ ਕਿ ਜਿਨ੍ਹਾਂ ਕਾਰਨ ਆਏ ਦਿਨ ਕੋਈ ਨਾ ਕੋਈ ਸੜਕ ਹਾਦਸਾ ਵਾਪਰਦਾ ਰਹਿੰਦਾ ਹੈ। ਜਿਨ੍ਹਾਂ ਕਾਰਨ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋਣਾ ਪੈਂਦਾ ਤੇ ਬਹੁਤ ਸਾਰੇ ਲੋਕ ਅਪਾਹਜ ਹੋ ਚੁੱਕੇ ਹਨ। ਇਨ੍ਹਾਂ ਲਾਵਾਰਿਸ ਪਸ਼ੂਆਂ ਕਾਰਨ ਹੀ ਅੱਜ ਕੁਰਾਲੀ ਦੇ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲਾ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰਾਲੀ ਦੀ ਹੱਦ ਅੰਦਰ ਚਨਾਲੋਂ ਨੇੜੇ ਉਸ ਸਮੇਂ ਵਾਪਰਿਆ ਜਦੋਂ ਕੌਮੀ ਸੜਕ ’ਤੇ ਘੁੰਮਦੇ ਲਾਵਾਰਿਸ ਪਸ਼ੂ ਨੇ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਸਥਾਨਕ ਵਾਰਡ ਨੰਬਰ 2 ਦੇ ਵਸਨੀਕ ਰਾਜਿੰਦਰ ਕੁਮਾਰ ਉਰਫ਼ ਕਪਿਲ (26) ਪੁੱਤਰ ਬ੍ਰਜਿ ਮੋਹਣ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਰਾਜਿੰਦਰ ਕੁਮਾਰ ਆਪਣੇ ਇੱਕ ਹੋਰ ਸਾਥੀ ਸਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਰੜ ਤੋਂ ਕੁਰਾਲੀ ਵੱਲ ਨੂੰ ਆ ਰਿਹਾ ਸੀ ਕਿ ਚਨਾਲੋਂ ਨੇੜੇ ਇੱਕ ਲਾਵਾਰਿਸ ਪਸ਼ੂ ਅਚਾਨਕ ਸੜਕ ’ਤੇ ਆ ਗਿਆ ਅਤੇ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਗਏ। ਇਸ ਦੌਰਾਨ ਰਾਜਿੰਦਰ ਦਾ ਸਿਰ ਪੱਕੀ ਸੜਕ ’ਤੇ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਮੋਟਰਸਾਈਕਲ ਚਲਾ ਰਿਹਾ ਨੰਨ੍ਹਾ ਨਾਂ ਦਾ ਨੌਜਵਾਨ ਮਾਮੂਲੀ ਜ਼ਖ਼ਮੀ ਹੋਇਆ।

ਗੰਭੀਰ ਜ਼ਖ਼ਮੀ ਹੋਏ ਰਾਜਿੰਦਰ ਨੂੰ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਸਬੰਧੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦਾ ਸਥਾਨਕ ਨਿਹੋਲਕਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਝ ਸਮਾਂ ਵਿਦੇਸ਼ ਵਿੱਚ ਲਗਾ ਕੇ ਪਰਤਿਆ ਸੀ। ਇਸੇ ਦੌਰਾਨ ਸ਼ਹਿਰ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਅਤੇ ਸਹਿਮ ਪਾਇਆ ਜਾ ਰਿਹਾ ਹੈ।