Punjab

ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇੱਕ ਅਵਾਜ਼ ਨੇ ਪੂਰੇ ਪਰਿਵਾਰ ‘ਚ ਕੀਤਾ ਹਮੇਸ਼ਾ ਲਈ ਹਨੇਰਾ !

ਬਿਉਰੋ ਰਿਪੋਰਟ : ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦੇ ਇੱਕ ਪਰਿਵਾਰ ਵਿੱਚ ਹੋਈ ਖਤਰਨਾਕ ਵਾਰਦਾਤ ਨੇ ਪੂਰੇ ਪਰਿਵਾਰ ਵਿੱਚ ਹਨੇਰਾ ਕਰ ਦਿੱਤਾ । ਇੱਕ ਔਰਤ ਪਰਮਜੀਤ ਕੌਰ ਦੇ ਘਰ ਵਿੱਚ ਵੜ ਕੇ ਫਾਇਰਿੰਗ ਕੀਤੀ ਗਈ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ।

ਔਰਤ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪਰਮਜੀਤ ਕੌਰ ਨੂੰ ਫੌਰਨ ਸਿਵਲ ਹਸਪਤਾਲ ਬਾਬਾ ਬਕਾਲਾ ਵਿੱਚ ਭਰਤੀ ਕਰਵਾਇਆ ਗਿਆ । ਜਿੱਥੇ ਡਾਕਟਰਾਂ ਨੇ ਕੁਝ ਹੀ ਸਮੇਂ ਬਾਅਦ ਪਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਬਾਅਦ ਅੰਮ੍ਰਿਤਸਰ ਪੁਲਿਸ ਕ੍ਰਾਈਮ ਸੀਨ ‘ਤੇ ਪਹੁੰਚੀ । ਟੀਮ ਨੇ ਇੱਕ ਪਿਸਤੌਲ ਵੀ ਬਰਾਮਦ ਕਰ ਲਈ ਹੈ । ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਣ ਤੱਕ ਔਰਤ ਦੇ ਕਤਲ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਚੱਲਿਆ ਹੈ ਜਾਂਚ ਜਾਰੀ ਹੈ । ਪਰ ਜਿਸ ਤਰ੍ਹਾਂ ਨਾਲ ਸਿਰਫ਼ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ਤੋਂ ਬਾਅਦ ਸਾਫ ਹੈ ਕਿ ਮੁਲਜ਼ਮ ਦੀ ਦੁਸ਼ਮਣੀ ਉਸ ਦੇ ਨਾਲ ਹੀ ਸੀ ।

ਔਰਤ ਦੇ ਕਤਲ ਨਾਲ ਜੁੜੇ ਸਵਾਲ

ਕੀ ਜਿਸ ਸ਼ਖਸ ਨੇ ਪਰਮਜੀਤ ਨੂੰ ਘਰ ਆਕੇ ਮਾਰਿਆ ਕੀ ਉਸ ਨਾਲ ਕਾਤਲ ਦਾ ਕੋਈ ਰਿਸ਼ਤਾ ਸੀ ? ਕੀ ਕੋਈ ਜ਼ਮੀਨ ਜਾਂ ਫਿਰ ਪੈਸੇ ਦੇ ਲੈਣ-ਦੇਣ ਦਾ ਮਾਮਲਾ ਸੀ ? ਜਾਂ ਕਤਲ ਦੇ ਪਿੱਛੇ ਕੋਈ ਹੋਰ ਵਜ੍ਹਾ ਜਿਸ ਬਾਰੇ ਪਰਿਵਾਰ ਨੂੰ ਨਾ ਪਤਾ ਹੋਵੇ ? ਫਿਲਹਾਲ ਪੁਲਿਸ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਉਸ ਤੋਂ ਬਾਅਦ ਹੀ ਸਾਫ ਹੋ ਸਕੇਗਾ । ਇਸੇ ਹਫਤੇ ਮਾਝਾ ਖੇਤਰ ਵਿੱਚ ਇੱਕ ਹੋਰ ਵਾਰਦਾਤ ਨੇ ਸਭ ਨੂੰ ਹਿੱਲਾ ਦਿੱਤਾ ਸੀ। ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ।

ਤਰਨਤਾਰਨ ਰਾਤ ਵਿੱਚ ਤਿੰਨ ਕਤਲ

ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਟ੍ਰਿਪਲ ਮਡਰ ਦੀ ਵਾਰਦਾਤ ਵਾਪਰੀ। ਪੱਟੀ ਦੇ ਪਿੰਡ ਤੁੰਗ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਦੋ ਔਰਤਾਂ ਤੇ ਇਕ ਵਿਅਕਤੀ ਲਾਸ਼ ਮਿਲੀ ਸੀ । ਰਿਸ਼ਤੇ ਵਿੱਚ ਤਿੰਨੋ ਪਤੀ-ਪਤਨੀ ਅਤੇ ਭਰਜਾਈ ਸਨ। ਮ੍ਰਿਤਕਾਂ ਦੀ ਪਛਾਣ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਤੇ ਭਰਜਾਈ ਸੀਤਾ ਕੌਰ ਵਜੋਂ ਹੋਈ ਹੈ। ਤਿੰਨਾਂ ਦੀਆਂ ਲਾਸ਼ਾਂ ਅਲੱਗ-ਅਲੱਗ ਕਮਰਿਆਂ ਵਿੱਚ ਮਿਲੀਆਂ ਸਨ ਅਤੇ ਉਨ੍ਹਾਂ ਦੇ ਚਿਹਰੇ ਟੇਪ ਨਾਲ ਢਕੇ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਸੀ, ਜਿਸ ਦੀ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਹੈ। ਮ੍ਰਿਤਕ ਇਕਬਾਲ ਸਿੰਘ ਦਾ ਲੜਕਾ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀਆਂ ਲੜਕੀਆਂ ਵਿਆਹੀਆਂ ਹੋਈਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ, ਜਿਸ ਨੂੰ ਕੰਮ ਲਈ ਲੰਬੇ ਸਮੇਂ ਤੋਂ ਘਰ ਵਿੱਚ ਰੱਖਿਆ ਗਿਆ ਸੀ, ਕਤਲ ਕਰਨ ਤੋਂ ਬਾਅਦ ਫ਼ਰਾਰ ਹੈ, ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।