ਬਿਊਰੋ ਰਿਪੋਰਟ : ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਵੱਡਾ ਆਪਰੇਸ਼ਨ ਚਲਾਇਆ ਹੈ । ਸ਼ਾਹਕੋਟ ਦੇ ਨਜ਼ਦੀਕ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਣ ਦੀ ਖ਼ਬਰ ਹੈ । ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਉੱਥੇ ਮੌਜੂਦ ਹੈ । ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਾਰਿਸ ਪੰਜਾਬ ਦੇ ਮੁਖੀ ਦੀ ਹਮਾਇਤ ਵਿੱਚ ਇਕੱਠੇ ਹੋਣ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਐਤਵਾਰ ਯਾਨੀ 19 ਮਾਰਚ 12 ਵਜੇ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ,ਇਸ ਤੋਂ ਇਲਾਵਾ ਫੋਨ ਦੀ SMS ਸੇਵਾ ਵੀ ਬੰਦ ਕਰ ਦਿੱਤੀ ਗਈ ਹੈ, ਤਾਂਕਿ ਸੋਸ਼ਲ ਮੀਡੀਆ ਪਲੇਟਫਾਰਮ,ਟਵਿੱਟਰ,WHATSAPP,ਫੇਸਬੁੱਕ ਦੇ ਜ਼ਰੀਏ ਭੜਕਾਉਣ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ । ਐਡੀਸ਼ਨ ਹੋਮ ਸਕੱਤਰ ਅਨੁਰਾਗ ਵਰਮਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਪੁਲਿਸ ਨੇ ਕਿਹਾ ਇਹ ਕਾਨੂੰਨੀ ਕਾਰਵਾਈ ਹੈ ਆਮ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ।
ਦੱਸਿਆ ਜਾ ਰਿਹਾ ਕਿ 8 ਜ਼ਿਲ੍ਹਿਆਂ ਦੀ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਹੈ। ਹੁਣ ਤੱਕ ਅੰਮ੍ਰਿਤਪਾਲ ਸਿੰਘ ਦੇ 6 ਨਜ਼ਦੀਕੀਆਂ ਦੇ ਫੜੇ ਜਾਣ ਦੀ ਖ਼ਬਰ ਹੈ । ਉਨ੍ਹਾਂ ਨੂੰ ਸ਼ਾਹਕੋਟ ਦੇ ਮਹਿਤਪੁਰ ਥਾਣੇ ਵਿੱਚ ਰੱਖਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਮੋਗਾ ਜਾ ਰਹੇ ਸਨ ਰਸਤੇ ਵਿੱਚ ਬੈਰੀਕੇਟਿੰਗ ਵੇਖ ਕੇ ਉਨ੍ਹਾਂ ਨੇ ਆਪਣਾ ਰਸਤਾ ਜਲੰਧਰ ਸ਼ਾਹਕੋਟ ਵੱਲ ਮੋੜ ਲਿਆ । ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸ਼ਖ਼ਸ ਗੱਡੀ ਵਿੱਚ ਬੈਠ ਕੇ ਕਹਿ ਰਿਹਾ ਹੈ ਕਿ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਹੈ ਉਹ ਲੋਕੇਸ਼ਨ ਭੇਜ ਰਿਹਾ ਹੈ ਸੰਗਤ ਵੱਧ ਤੋਂ ਵੱਧ ਪਹੁੰਚੇ । ਇਸ ਤੋਂ ਪਹਿਲਾਂ ਇੱਕ ਹੋਰ ਨਜ਼ਦੀਕੀ ਸਾਥੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਸ਼ਾਹਕੋਟ ਵਿੱਚ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਘੇਰਾ ਪਾਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ । ਉਧਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਇੱਕ ਵੀਡੀਓ ਸਾਹਣੇ ਆਇਆ ਹੈ ਜਿਸ ਵਿੱਚ ਉਹ ਇੱਕ ਖੇਤ ਵਿੱਚ ਭੱਜ ਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਵੀਡੀਓ ਦੇ ਜ਼ਰੀਏ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਪੁਲਿਸ ਉਸ ਦੇ ਪਿੱਛੇ ਪਈ ਹੈ ।
ਦੱਸਿਆ ਜਾ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਐਕਸ਼ਨ ਸਵੇਰੇ ਸਾਢੇ 9 ਵਜੇ ਸ਼ੁਰੂ ਹੋਇਆ ਸੀ ਜਦੋਂ ਉਹ ਮੋਗਾ ਵੱਲ ਜਾ ਰਹੇ ਸਨ । ਐਤਵਾਰ 19 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖਾਲਸਾ ਵਹੀਰ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਣੀ ਸੀ ਇਸ ਲਈ ਇੱਕ ਦਿਨ ਪਹਿਲਾਂ ਪੁਲਿਸ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ । ਮਾਨ ਸਰਕਾਰ ‘ਤੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ਼ ਐਕਸ਼ਨ ਦਾ ਦਬਾਅ ਲਗਾਤਾਰ ਵੱਧ ਰਿਹਾ ਸੀ । ਕੇਂਦਰ ਨੇ ਅਜਨਾਲਾ ਹਿੰਸਾ ਤੋਂ ਬਾਅਦ ਰਿਪੋਰਟ ਮੰਗੀ ਸੀ ਵਿਰੋਧੀ ਵੀ ਸਰਕਾਰ ਨੂੰ ਘੇਰਨ ਵਿੱਚ ਲੱਗੇ ਸਨ । ਸੂਬੇ ਵਿੱਚ G20 ਚੱਲ ਰਿਹਾ ਸੀ ਇਸੇ ਲਈ ਸਰਕਾਰ ਵੀ ਇੰਤਜ਼ਾਰ ਕਰ ਰਹੀ ਸੀ । ਇਸ ਤੋਂ ਇਲਾਵਾ ਸਰਕਾਰ ਦੇ ਇਸ ਐਕਸ਼ਨ ਦੇ ਪਿੱਛੇ ਵੱਡੀ ਵਜ੍ਹਾ ਲਾਰੈਂਸ ਬਿਸ਼ਨੋਈ ਦੇ ਉਹ 2 ਇੰਟਰਵਿਊ ਵੀ ਹੋ ਸਕਦੇ ਹਨ ਜਿਸ ਨੂੰ ਲੈਕੇ ਸਰਕਾਰ ਲਗਾਤਾਰ ਘਿਰ ਦੀ ਨਜ਼ਰ ਆ ਰਹੀ ਸੀ । ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਐਕਸ਼ਨ ਦੇ ਜ਼ਰੀਏ ਪੰਜਾਬ ਪੁਲਿਸ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ।