ਅੰਮ੍ਰਿਤਸਰ : ਮਾਪਿਆਂ ਦੇ ਲਈ ਪੁੱਤ ਦੀ ਲਾਸ਼ ਨੂੰ ਆਪਣੀ ਅੱਖਾਂ ਦੇ ਸਾਹਮਣੇ ਤੜਪਦਾ ਹੋਇਆ ਵੇਖਣਾ, ਕਿਸੇ ਭਿਆਨਕ ਸੁਫ਼ਨੇ ਤੋਂ ਘੱਟ ਨਹੀਂ ਹੁੰਦਾ। ਕਿਸੇ ਵੀ ਮਾਤਾ-ਪਿਤਾ ਲਈ ਇਸ ਵੱਧ ਹੋਰ ਕੀ ਖ਼ਤਰਨਾਕ ਹੋ ਸਕਦਾ ਹੈ। ਅੰਮ੍ਰਿਤਸਰ ਦੀ ਇੱਕ ਮਾਂ ਪਿਛਲੇ ਪੰਜ ਸਾਲਾਂ ਤੋਂ ਇਹ ਸੁਫ਼ਨਾ ਦੇਖ ਰਹੀ ਸੀ ਅਤੇ ਆਖਿਰ ਹੁਣ ਇਹ ਸੱਚ ਸਾਬਤ ਹੋਇਆ ਹੈ। ਕਿਉਂਕਿ ਪੰਜਾਬ ਦੀਆਂ ਲੱਖਾਂ ਮਾਵਾਂ ਵਾਂਗ ਉਸ ਦੇ ਪੁੱਤ ਨੂੰ ਵੀ ਨਸ਼ੇ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਕਈ ਹੀਲੇ-ਵਸੀਲੇ ਕੀਤੇ ਪਰ ਕੋਈ ਫ਼ਰਕ ਨਾ ਪਿਆ ਅਤੇ ਹੁਣ ਮਾਂ ਦੀ ਗੋਦ ਸੁੰਨੀ ਹੋ ਗਈ ਹੈ ।
ਨਸ਼ੇ ਦੀ ਓਵਰਡੋਜ਼ ਨਾਲ ਮੌਤ
ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸੋਢਿਆਂ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 30 ਸਾਲ ਦੇ ਕਰਨੈਲ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮੁਤਾਬਕ ਕਰਨੈਲ ਸਿੰਘ ਅੰਮ੍ਰਿਤਸਰ ਵਿੱਚ ਨਸ਼ਾ ਕਰਦਾ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪੁੱਤਰ ਪਿਛਲੇ 5 ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਉਸ ਨੂੰ ਬਹੁਤ ਸਮਝਾਇਆ ਪਰ ਨਸ਼ਾ ਉਸ ਦੇ ਸਿਰ ‘ਤੇ ਸਵਾਰ ਸੀ। ਰਾਤ ਨੂੰ ਬੇਹੋਸ਼ੀ ਦੀ ਨਾਜ਼ੁਕ ਹਾਲਤ ਵਿੱਚ ਮਿਲਿਆ । ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੀੜ੍ਹਤ ਦੀ ਮਾਂ ਨੇ ਦੱਸਿਆ ਕਿ ਨਸ਼ੇ ਨੇ ਉਸ ਦੇ ਘਰ ਨੂੰ ਤਬਾਅ ਕਰ ਦਿੱਤਾ ਹੈ। ਮਾਂ ਨੇ ਇਸ ਦੇ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
ਗੁੱਸੇ ਵਿੱਚ ਪੀੜਤ ਦੀ ਮਾਂ
30 ਸਾਲ ਦੇ ਕਰਨੈਲ ਸਿੰਘ ਨੂੰ ਗਵਾ ਕੇ ਮਾਂ ਦਾ ਬੁਰਾ ਹਾਲ ਹੈ। ਜਿਸ ਬੱਚੇ ਨੂੰ ਜਨਮ ਦਿੱਤਾ, 30 ਸਾਲ ਦੀ ਉਮਰ ਤੱਕ ਉਸ ਦੇ ਹਰ ਕਦਮ ਦਾ ਸਾਥ ਦਿੱਤਾ। ਉਹ ਹੁਣ ਹਮੇਸ਼ਾ ਲਈ ਬਹੁਤ ਦੂਰ ਜਾ ਚੁੱਕਾ ਹੈ। ਮਾਂ ਭਾਵੁਕ ਹੈ ਪਰ ਗੁੱਸੇ ਵਿੱਚ ਵੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਨਸ਼ੇ ਨੂੰ ਬੰਦ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੈ। ਸਿਫਤੀ ਦੇ ਘਰ ਅੰਮ੍ਰਿਤਸਰ, ਜਿੱਥੇ ਨਸ਼ੇ ਦੀ ਇੱਕ ਬੂੰਦ ਨਹੀਂ ਹੋਣੀ ਚਾਹੀਦੀ ਸੀ, ਉੱਥੋ ਰੋਜ਼ਾਨਾ ਨਸ਼ੇ ਦੇ ਵੀਡੀਓ ਸਾਹਮਣੇ ਆਉਂਦੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਛੋਟੇ-ਛੋਟੇ ਸਮੱਗਲਰਾਂ ਨੂੰ ਫੜਨ ਨਾਲ ਕੁਝ ਨਹੀਂ ਹੋਵੇਗਾ, ਜਿਹੜੇ ਨਸ਼ੇ ਨੂੰ ਪੰਜਾਬ ਵਿੱਚ ਲੈਕੇ ਆਉਂਦੇ ਹਨ, ਉਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ ਹੈ। ਉਧਰ ਥਾਣੇਦਾਰ ਕਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੋੜਿਆ ਦੇ ਕਰਨੈਲ ਸਿੰਘ ਦੀ ਮੌਤ ਹੋਈ ਹੈ। ਉਸ ਨੇ ਨਸ਼ਾ ਅੰਮ੍ਰਿਤਸਰ ਵਿਖੇ ਕੀਤਾ ਸੀ।