Punjab

ਅੰਮ੍ਰਿਤਸਰ ‘ਚ ਬੰਬ ਫਿਟ ਕਰਨ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਸਾਬਕਾ ਸਿਪਾਹੀ ! ਕੈਨੇਡਾ ਦੇ ਗੈਂਗਸਟਰ ਨੇ ਸੌਂਪੀ ਸੀ ਜ਼ਿੰਮੇਵਾਰੀ, ਲੁਧਿਆਣਾ ਨਾਲ ਜੁੜੇ ਤਾਰ

ਸਬ ਇੰਸਪੈਕਟਰ ਦੀ ਗੱਡੀ ਵਿੱਚ ਬੰਬ ਫਿਟ ਕਰਨ ਵਾਲੇ ਰਿਸ਼ਤੇਦਾਰੀ ਵਿੱਚ ਚਾਚਾ-ਭਤੀਜਾ

‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਫਿੱਟ ਕਰਨ ਦੇ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਲੱਗੇ ਹਨ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਕਾਰ ਹੇਠਾਂ ਬੰਬ ਪਲਾਂਟ ਕਰਨ ਵਾਲੇ ਹਰਪਾਲ ਅਤੇ ਫਤਿਹਦੀਪ ਸਿੰਘ ਨੂੰ ਕਈ ਦਿਨ ਪਹਿਲਾਂ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਸਾਹਮਣੇ ਆਈ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਆਪਸ ਵਿੱਚ ਚਾਚਾ ਭਤੀਜਾ ਦੱਸੇ ਜਾ ਰਹੇ ਹਨ। ਹਰਪਾਲ ਸਿੰਘ ਪੰਜਾਬ ਪੁਲਿਸ ਦਾ ਸਾਬਕਾ ਸਿਪਾਹੀ ਸੀ। ਪੁੱਛ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮਾਲਦੀਪ ਨੂੰ ਭੱਜਣ ਦੀ ਫਿਰਾਕ ਵਿੱਚ ਸਨ ਪਰ ਦਿੱਲੀ ਪੁਲਿਸ ਨੇ ਹਵਾਈ ਅੱਡੇ ਤੋਂ ਨੱਪ ਲਿਆ। ਇੱਕ ਹੋਰ ਅਹਿਮ ਜਾਣਕਾਰੀ ਇਹ ਵੀ ਮਿਲੀ ਹੈ ਕਿ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਲੰਡਾ ਨੇ ਦਿੱਤੀ ਸੀ। ਉਧਰ ਇਸ ਪੂਰੀ ਸਾਜਿਸ਼ ਨਾਲ ਲੁਧਿਆਣਾ ਦੇ ਇੱਕ ਸ਼ਖ਼ਸ ਦਾ ਵੀ ਲਿੰਕ ਸਾਹਮਣੇ ਆ ਰਿਹਾ ਹੈ।

ਫੋਨ ਦੀ ਵਜ੍ਹਾ ਕਰਕੇ ਫੜੇ ਗਏ ਚਾਚਾ ਭਤੀਜਾ

ਦੋਵੇਂ ਮੁਲਜ਼ਮ ਪੁਲਿਸ ਦੇ ਜਾਣੇ ਪਛਾਣੇ ਗੁਰ ਮੋਬਾਈਲ ਦੀ ਲੋਕੇਸ਼ਨ ਤੋਂ ਨੱਪੇ ਗਏ ਸਨ। 15-16 ਅਗਸਤ ਦੀ ਰਾਤ ਤਕਰੀਬਨ 3 ਵਜੇ ਬੰਬ ਪਲਾਂਟ ਕਰਨ ਤੋਂ ਬਾਅਦ ਦੋਵੇਂ ਦਿੱਲੀ ਫਰਾਰ ਹੋ ਗਏ। ਪੰਜਾਬ ਪੁਲਿਸ ਦੀ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕੀਤੀ ਤਾਂ ਰਣਜੀਤ ਅਵੈਨਿਊ ਵਿੱਚ ਰਾਤ ਸਮੇਂ ਐਕਟਿਵ ਮੋਬਾਈਲ ਫੋਨ ਦੀ ਜਾਂਚ ਹੋਈ ਤਾਂ ਪੁਲਿਸ ਦੋਹਾਂ ਹਰਪਾਲ ਅਤੇ ਫਤਿਹਦੀਪ ਦਾ ਮੋਬਾਈਲ ਟ੍ਰੇਸ ਕਰਨ ਵਿੱਚ ਸਫ਼ਲ ਹੋ ਗਈ ਅਤੇ ਮੋਬਾਈਲ ਸਿਗਨਲ  ਤੋਂ ਪੁਲਿਸ ਦੋਵਾਂ ਤੱਕ ਪਹੁੰਚ ਗਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੰਬ ਪਲਾਂਟ ਕਰਨ ਤੋਂ ਬਾਅਦ ਹਰਪਾਲ ਅਤੇ ਫਤਿਹਦੀਪ ਨੇ ਕੈਨੇਡਾ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ। ਲੰਡਾ ਨੇ ਦੋਵਾਂ ਨੂੰ ਫਲਾਇਟ ਫੜ ਕੇ ਕੈਨੇਡਾ ਆਉਣ ਨੂੰ ਕਿਹਾ। ਲੰਡਾ ਨੇ ਨਾਲ ਹੀ ਦੱਸਿਆ ਕਿ ਪਾਕਿਸਤਾਨ ਵਿੱਚ ਬੈਠਾ ਹਰਵਿੰਦਰ ਸਿੰਘ ਰਿੰਦਾ ਜਲਦ ਹੀ ਉਨ੍ਹਾਂ ਨੂੰ ਪੈਸੇ ਭੇਜੇਗਾ। ਪੁਲਿਸ ਨੇ ਦੋਵਾਂ ਦੇ ਕੋਲੋਂ ਮਾਲਦੀਪ ਦੀਆਂ ਟਿਕਟਾਂ ਅਤੇ 4 ਹਜ਼ਾਰ ਡਾਲਰ ਵੀ ਰਿਕਵਰ ਕੀਤੇ ਹਨ।

ਫਤਿਹ ਦੇ ਪਿਤਾ ਨੇ ਸੁਸਾਈਡ ਕੀਤਾ ਸੀ

ਗ੍ਰਿਫ਼ਤਾਰ ਹਰਪਾਲ ਸਿੰਘ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸੀ ਪਰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਉਸ ਦੇ ਸਬੰਧ ਸਨ। ਕੁਝ ਸਾਲ ਪਹਿਲਾਂ ਫਤਿਹਦੀਪ ਆਪਣੇ ਚਾਚੇ ਦੇ ਨਾਲ ਨਸ਼ਾ ਕਰਨ ਲੱਗ ਗਿਆ, ਜਿਸ ਦੀ ਵਜ੍ਹਾ ਕਰਕੇ ਉਸ ਨੂੰ ਘਰ ਵਾਲਿਆਂ ਨੇ ਬਾਹਰ ਕੱਢ ਦਿੱਤਾ ਸੀ। ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੁਧਿਆਣਾ ਤੋਂ ਇੱਕ ਸ਼ਖ਼ਸ ਵੱਲੋਂ ਹਰਪਾਲ ਅਤੇ ਫਤਿਹ ਦੀ ਮਦਦ ਕੀਤੀ ਗਈ ਸੀ। ਦੁਗਰੀ ਦਾ ਰਹਿਣ ਵਾਲਾ ਮਿਕੀ ਅਕਸਰ ਫਤਿਹਵੀਰ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਮਿਕੀ ਦਾ ਇਸ ਬੰਬ ਪਲਾਂਟ ਵਿੱਚ ਕੀ ਰੋਲ ਸੀ, ਪੁਲਿਸ ਇਸਦੀ ਵੀ ਜਾਂਚ ਕਰ ਰਹੀ ਹੈ। ਹੁਣ ਤੱਕ ਇਹ ਜਾਣਕਾਰੀ ਵੀ ਹਾਸਲ ਹੋਈ ਹੈ ਕਿ ਮਿਕੀ ਨੇ ਮੁਲਜ਼ਮ ਹਰਪਾਲ ਅਤੇ ਫਤਿਹਵੀਰ ਨੂੰ ਸਿਮ ਦਿੱਤਾ ਸੀ।

ਇਸ ਤਰ੍ਹਾਂ ਬੰਬ ਪਲਾਂਟ ਕੀਤਾ ਗਿਆ ਸੀ

ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਬਾਅਦ ਅੰਮ੍ਰਿਤਸਰ ਵਿੱਚ ਵੱਡੀ ਸਾਜਿਸ਼ ਬੇਪਰਦਾ ਹੋਈ ਸੀ। ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਘਰ ਦੇ ਬਾਹਰ ਖੜੀ ਗੱਡੀ ਦੇ ਨੀਚੇ ਬੰਬ ਫਿਟ ਕੀਤਾ ਹੋਇਆ ਸੀ। ਸਵੇਰ ਵੇਲੇ ਜਦੋਂ ਕਾਰ ਸਾਫ ਕਰਨ ਵਾਲਾ ਆਇਆ ਤਾਂ ਉਸ ਨੇ ਟਾਇਰ ਦੇ ਕੋਲ ਇੱਕ ਤਾਰ ਵੇਖੀ ਜੋ ਕਿ ਕਿਸੇ ਡੱਬੇ ਨਾਲ ਅਟੈਚ ਸੀ। ਉਸ ਨੇ ਫੌਰਨ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਬੁਲਾਇਆ ਅਤੇ ਪੂਰੀ ਜਾਣਕਾਰੀ ਦਿੱਤੀ। ਦਿਲਬਾਗ ਸਿੰਘ ਨੇ ਵੇਖ ਦੇ ਹੀ ਪਛਾਣ ਲਿਆ ਕਿ ਇਹ ਡੈਟੋਨੇਟਰ ਵਰਗੀ ਚੀਜ਼ ਹੈ। ਉਸ ਨੇ ਵਿਭਾਗ ਦੇ ਵੱਡੇ ਅਫਸਰਾਂ ਨੂੰ ਇਤਲਾਹ ਕੀਤੀ। ਦਿਲਬਾਗ ਪੰਜਾਬ ਪੁਲਿਸ ਦੇ CIA ਵਿੱਚ ਸਬ ਇੰਸਪੈਕਟਰ ਤਾਇਨਾਤ ਹੈ। ਪੁਲਿਸ ਦੇ ਸਾਹਮਣੇ CCTV ਫੁਟੇਜ ਆਈ ਸੀ,  ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਸੀ ਕਿ ਗੱਡੀ ਦੇ ਹੇਠਾਂ ਲੱਗਿਆ ਬੰਬ ਉਸੇ ਤਰ੍ਹਾਂ ਦਾ ਹੈ ਜਿਵੇਂ ਦਾ ਕੁਝ ਦਿਨ ਪਹਿਲਾਂ ਤਰਨਤਾਰਨ ਤੋਂ ਮਿਲਿਆ ਸੀ। ਉਸ ਬੰਬ ਨੂੰ RDX ਦੇ ਨਾਲ ਤਿਆਰ ਕੀਤਾ ਗਿਆ ਸੀ।