ਬਿਉਰੋ ਰਿਪੋਰਟ – ਪੰਜਾਬ ਵਿੱਚ ਕੌਮੀ ਰਾਜ ਮਾਰਗ (NHAI) ਨੂੰ ਲੈਕੇ ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਹੁਣ ਪਰੇਸ਼ਾਨੀ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ । ਸ਼ਨਿੱਚਰਵਾਰ ਨੂੰ ਅੰਮ੍ਰਿਤਸਰ ਦੇ SSP ਚਰਨਜੀਤ ਸਿੰਘ ਦੀ ਪ੍ਰਧਾਨਗੀ ਵਿੱਚ NHAI ਦੇ ਅਧਿਕਾਰੀਆਂ ਅਤੇ ਕਿਸਾਨਾਂ ਦੀ ਬੈਠਕ ਹੋਈ ਹੈ । ਇਸੇ ਹਫਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਚੀਫ ਸਕੱਤਰ ਕੋਲੋ NHAI ਦੀ ਪਟੀਸ਼ਨ ‘ਤੇ ਜਵਾਬ ਮੰਗਿਆ ਸੀ । ਅਦਾਲਤ ਨੇ ਕਿਹਾ ਸੀ ਕਿ ਸਾਡੇ ਵੱਲੋਂ ਜਾਰੀ ਪਿਛਲੇ ਆਦੇਸ਼ਾਂ ਨੂੰ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ ਹੈ ।
NHAI ਨਾਲ ਅੰਮ੍ਰਿਤਸਰ ਦੇ SSP ਤੋਂ ਇਲਾਵਾ ਗੁਰਦਾਸਪੁਰ,ਬਟਾਲਾ,ਪਠਾਨਕੋਟ ਦੇ DSP ਅਧਿਕਾਰੀ ਵੀ ਮੌੂਜਦ ਰਹੇ । NHAI ਦੇ ਸੀਨੀਅਰ ਅਧਿਕਾਰੀਆਂ ਨੇ ਕਿਸਾਨਾਂ ਤੋਂ ਪਰੇਸ਼ਾਨੀਆਂ ਦੇ ਬਾਰੇ ਗੱਲਬਾਤ ਕੀਤੀ । ਤਿੰਨੋ ਜ਼ਿਲ੍ਹਿਆਂ ਦੀ ਪੁਲਿਸ ਨੇ ਦੋਵਾਂ ਪੱਖਾਂ ਦੇ ਵਿਚਾਲੇ ਪਰੇਸ਼ਾਨੀ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ । ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਰੀ ਰਹਿਣਗੀਆਂ ਤਾਂਕੀ NHAI ਦੇ ਪ੍ਰੋਜੈਕਟ ਸਮੇਂ ਸਿਰ ਅਤੇ ਜਲਦ ਪੂਰੇ ਹੋ ਸਕਣ ।
ਕੇਂਦਰੀ ਸੜਕ ਅਤੇ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪ੍ਰੋਜੈਕਟ ਨੂੰ ਲੈਕੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਹਾਲ ਹੀ ਵਿੱਚ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸ ਪ੍ਰੋਜੈਕਟ ‘ਤੇ ਹੋਈਆਂ 2 ਵੱਖ-ਵੱਖ ਘਟਨਾਵਾਂ ਦੇ ਬਾਰੇ ਪਤਾ ਚੱਲਿਆ ਹੈ । ਠੇਕੇਦਾਰ ਅਤੇ ਇੰਜੀਨੀਅਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ । ਇਸ ਦੇ ਸਬੰਧ ਵਿੱਚ ਇਕ ਫੋਟੋ ਵੀ ਭੇਜੀ ਘਈ ਸੀ । ਪਰ ਮੁਲਜ਼ਮਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਹੈ ।
ਗਡਕਰੀ ਨੇ ਕਿਹਾ ਸੀ ਕਿ ਇੱਕ ਘਟਨਾ ਵਿੱਚ ਇੰਜੀਨੀਅਰ ਨੂੰ ਜ਼ਿੰਦਾ ਜਲਾਉਣ ਦੀ ਧਮਕੀ ਦਿੱਤੀ ਗਈ ਹੈ । ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ NHAI ਅਤੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਦੱਸਿਆ ਸੀ । ਸੀਐੱਮ ਮਾਨ ਨੇ ਕਿਹਾ ਸੀ ਕਿ ਠੇਕੇਦਾਰ ਅਤੇ ਇੰਜੀਅਰ ਦਾ ਆਪਸੀ ਝਗੜਾ ਸੀ । ਦੂਜਾ ਪੰਜਾਬ ਵਿੱਚ ਜ਼ਮੀਨ ਦੀਆਂ ਕੀਮਤਾਂ ਕਾਫੀ ਜ਼ਿਆਦਾ ਹੈ ਪਰ NHAI ਉਸ ਦੇ ਹਿਸਾਬ ਨਾਲ ਕਿਸਾਨਾਂ ਨੂੰ ਪੈਸਾ ਨਹੀਂ ਦੇ ਰਹੀ ਹੈ । ਜੇਕਰ ਉਹ ਪੈਸੇ ਦਿੰਦੇ ਹਨ ਤਾਂ ਕਿਸਾਨ ਜ਼ਮੀਨ ਦੇ ਦੇਣਗੇ । ਇਸ ਮਾਮਲੇ ਵਿੱਚ ਪੰਜਾਬ ਦੇ ਨਵੇਂ ਰਾਜਪਾਲ ਲਾਲ ਚੰਦ ਕਟਾਰੀਆ ਨੇ ਵੀ ਨੋਟਿਸ ਲੈਂਦੇ ਹੋਏ ਸਾਰੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ।