ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸਰਪੰਚ ਦੇ ਪੁੱਥਰ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਖ਼ਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਧਰ ਜਖ਼ਮੀ ਨੌਜਵਾਨ ਦੇ ਚਾਚੇ ਅਤੇ ਉਸ ਦੇ ਪੁੱਤਰ ‘ਤੇ ਵੀ ਕਾਤਲਾਨਾ ਹਮਲਾ ਹੋਇਆ ਸੀ । ਪੁਲਿਸ ਨੇ ਹਸਪਤਾਲ ਪਹੁੰਚ ਕੇ ਜਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਅੰਮ੍ਰਿਤਸਰ ਦੇ ਪਿੰਡ ਬਲੜਵਾਲਾ ਵਿੱਚ ਸਰਪੰਚ ਪੁਨਨ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ‘ਤੇ ਇਹ ਹਮਲਾ ਕੀਤਾ ਗਿਆ ਹੈ । ਜਖਮੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਚਾਚੇ ਅਤੇ ਉਸ ਦੇ ਪੁੱਤਰ ‘ਤੇ ਹਮਲਾ ਹੋਇਆ ਸੀ । ਚਾਚੇ ਦੇ ਸਿਰ ‘ਤੇ ਵਾਰ ਕੀਤਾ ਗਿਆ ਸੀ ਜਦਕਿ ਚਾਚੇ ਦੇ ਪੁੱਤਰ ਦਾ ਗੁੱਟ ਵੱਢ ਦਿੱਤਾ ਗਿਆ ਸੀ । ਰਾਤ ਨੂੰ ਉਹ ਚਾਚੇ ਨੂੰ ਵੇਖ ਕੇ ਪਰਤ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਕੁਝ ਨੌਜਵਾਨ ਉਸ ਦੇ ਘਰ ਦੇ ਆਲੇ-ਦੁਆਲੇ ਖੜੇ ਹਨ ਪਰ ਉਹ ਘਰ ਦੇ ਅੰਦਰ ਚੱਲਾ ਗਿਆ ।
ਕੁਝ ਸਮੇਂ ਬਾਅਦ ਉਹ ਬਾਹਰ ਆਇਆ ਅਤੇ ਉਸ ਨੇ ਵੇਖਿਆ ਕਿ ਨੌਜਵਾਨ ਹੁਣ ਵੀ ਉੱਥੇ ਹੀ ਸਨ । ਉਸ ਨੂੰ ਸ਼ੱਕ ਹੋਇਆ ਕਿ ਨੌਜਵਾਨ ਉਸ ‘ਤੇ ਹਮਲਾ ਕਰਨ ਵਾਲੇ ਹਨ ਤਾਂ ਉਹ ਵਾਪਸ ਮੁੜਿਆ । ਇਸ ਵਿਚਾਲੇ ਜਗੀਰਾ ਉਸ ਦਾ ਪੁੱਤਰ,ਗੁਰਮੀਤ ਅਤੇ ਬਿੱਟੂ ਕੁਝ ਲੋਕਾਂ ਦੇ ਨਾਲ ਉਸ ਦਾ ਪਿੱਛਾ ਕਰਨ ਲੱਗੇ ਅਤੇ ਅਚਾਨਕ ਕਿਸੇ ਨੇ ਗੋਲੀ ਚੱਲਾ ਦਿੱਤੀ ਜੋ ਉਸ ਨੂੰ ਲੱਗ ਗਈ ।
ਕੁਝ ਦਿਨ ਪਹਿਲਾਂ ਪਿੰਡ ਵਿੱਚ ਹੋਇਆ ਸੀ ਝਗੜਾ
ਸਰਪੰਚ ਪੁਨਨ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਕੁਝ ਦਿਨ ਪਹਿਲਾਂ ਪਿੰਡ ਦੇ ਜਗੀਰ ਸਿੰਘ ਦੇ ਪਰਿਵਾਰ ਨਾਲ ਝਗੜਾ ਹੋਇਆ ਸੀ । ਜਿਸ ਦੇ ਬਾਅਦ ਜਗੀਰ ਸਿੰਘ ਦਾ ਪਰਿਵਾਰ ਲਗਾਤਾਰ ਹਮਲੇ ਦੀ ਧਮਕੀ ਦੇ ਰਿਹਾ ਸੀ ਇਸ ਦੀ ਇਤਲਾਹ ਉਨ੍ਹਾਂ ਨੇ ਪੁਲਿਸ ਨੂੰ ਵੀ ਦਿੱਤੀ ਸੀ ।
ਪੁਲਿਸ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕੀਤੀ
ਗੁਰੂ ਨਾਨਕ ਦੇਵ ਹਸਪਤਾਲ ਪਹੁੰਚੀ ਪੁਲਿਸ ਟੀਮ ਨੇ ਦੱਸਿਆ ਕਿ ਘਟਨਾ ਰਾਤ 11 ਵਜੇ ਦੇ ਆਲੇ-ਦੁਆਲੇ ਦੀ ਹੈ । ਪਰਿਵਾਰ ਅਤੇ ਜਖ਼ਮੀਆਂ ਦੇ ਬਿਆਨ ਦਰਜ ਕੀਤੇ ਗਏ ਹਨ । ਜਾਂਚ ਦੇ ਅਧਾਰ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।