Punjab

‘ਆਪ’ ਦੇ ਰੰਗ ‘ਚ ਰੰਗਿਆ ਅੰਮ੍ਰਿਤਸਰ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿਚੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਲਈ ਗੁਰੂ ਨਗਰੀ ਅੰਮ੍ਰਿਤਸਰ ਵਿੱਚ ‘ਧੰਨਵਾਦ ਪੰਜਾਬ’ ਰੋਡ ਸ਼ੋਅ ਕਰ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਵਜੋਂ ਨਾਮਜ਼ਦ ਭਗਵੰਤ ਮਾਨ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕਰ ਰਹੇ ਹਨ। ਇਸ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼ੁਕਰਾਨੇ ਵਜੋਂ  ਹਰਿਮੰਦਰ ਸਾਹਿਬ ਮੱਥਾ ਟੇਕਿਆ। ਹਰਿਮੰਦਰ ਸਾਹਿਬ ਪੁੱਜਣ ’ਤੇ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜੀ ਆਇਆਂ ਆਖਿਆ ਗਿਆ।

ਇਸ ਤੋਂ ਇਲਾਵਾ ਦੋਵੇਂ ਨੇਤਾਵਾਂ ਨੇ, ਦੁਰਗਿਆਣਾ ਮੰਦਰ ਅਤੇ ਰਾਮਤੀਰਥ ਵਿਖੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਿਆਂਵਾਲਾ ਬਾਗ ਵਿਖੇ ਵੀ ਹਾਜ਼ਰੀ ਲਗਵਾਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਖੀਰ ਵਿੱਚ ਕੇਜਰੀਵਾਲ ਭਗਵੰਤ ਮਾਨ ਰਾਮਤੀਰਥ ਗਏ ।

ਪੰਜਾਬ ‘ਚ ਜਿੱਤ ਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਰੋਡ ਸ਼ੋਅ ਕੱਢਣ ਲਈ ਅੰਮ੍ਰਿਤਸਰ ਦੇ ਕਚਹਿਰੀ ਚੌਕ ਪਹੁੰਚੇ। ਦੋਵੇਂ ਆਗੂ ਟਰੱਕ ‘ਤੇ ਸਵਾਰ ਸਨ ਅਤੇ ਉਨ੍ਹਾਂ ਦੇ ਪਿੱਛੇ ਲੰਬੀ ਕਤਾਰ ਲੱਗੀ ਹੋਈ ਹੈ। ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਆਪ ਵਰਕਰ ਵੀ ਚੱਲ ਰਹੇ ਹਨ।ਇਸ ਰੋਡ ਸ਼ੋਅ ‘ਚ ਪਾਰਟੀ ਨੇਤਾ ਮਨੀਸ਼ ਸਿਸੋਦੀਆ ਵੀ ਪਹੁੰਚੇ ਹਨ।

ਰੋੜ ਸ਼ੋਅ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਫਿਰ ਦੁਹਰਾਇਆ ਕਿ ਪੰਜਾਬ ਦੇ ਕਿਸੇ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲੱਗੇਗੀ। ਉਨਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਚੰਡੀਗੜ੍ਹ ਤੋਂ ਨਹੀਂ ਬਲਕਿ ਪੰਜਾਬ ਦੇ ਪਿੰਡਾਂ ਵਿੱਚੋਂ ਚੱਲੇਗੀ।

ਕੇਜਰੀਵਾਲ ਨੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੁਨੀਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ ਪੱਧਰ ਦਾ ਵੱਡਾ ਇਨਕਲਾਬ ਆ ਗਿਆ। ਉਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੈਂ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਦੋਹੇਂ ਸੀਟਾਂ ਹਾਰਨਗੇ ਅਤੇ ਪੰਜੇ ਬਾਦਲ ਹਾਰਨਗੇ। ਕੇਜਰੀਵਾਲ ਨੇ ਕਿਹਾ ਕਿ ਕਈ ਵਰ੍ਹਿਆਂ ਬਾਅਦ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੇਰਾ ਛੋਟਾ ਭਰਾ ਭਗਵੰਤ ਕੱਟੜ ਇਮਾਨਦਾਰ ਮੁੱਖ ਮੰਤਰੀ ਬਣੇਗਾ, ਇਮਾਨਦਾਰ ਸਰਕਾਰ ਮਿਲੇਗੀ।”

ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬੀਆਂ ਨਾਲ ਕੀਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਕੁਝ ਛੇਤੀ ਹੋ ਸਕਦੇ ਹਨ ਕੁਝ ਵਿੱਚ ਦੇਰ ਲੱਗ ਸਕਦੀ ਹੈ । ਅਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬੀਆਂ ਨੂੰ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚਣ ਦਾ ਸੱਦਾ ਦਿੱਤਾ।