ਅੰਮਿਤਸਰ : 5 ਦਿਨਾਂ ਵਿੱਚ ਅੰਮ੍ਰਿਤਸਰ ਵਿੱਚ ਨਸ਼ੇ ਦਾ ਤੀਜਾ ਵੀਡੀਓ ਸਾਹਮਣੇ ਆਇਆ ਹੈ ਜੋ ਸ਼ਹਿਰ ਵਿੱਚ ਨਸ਼ੇ ਦੇ ਬੁਰੇ ਹਾਲਾਤ ਦੀ ਕਹਾਣੀ ਬਿਆਨ ਕਰ ਰਿਹਾ ਹੈ । ਨਸ਼ੇ ਲਈ ਸਭ ਤੋਂ ਬਦਨਾਮ ਇਲਾਕਾ ਮਕਬੂਲਪੁਰਾ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ । ਅੰਮ੍ਰਿਤਸਰ ਦੇ ਚਮਰੰਗ ਰੋਡ ਤੋਂ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿੱਥੇ 5 ਨੌਜਵਾਨ ਗਲੀ ਵਿੱਚ ਇਕੱਠੇ ਹੋਕੇ ਇੱਕ ਦੂਜੇ ਨੂੰ ਨਸ਼ਾ ਵੰਡ ਰਹੇ ਹਨ। ਇਸ ਤੋਂ ਬਾਅਦ ਇੱਕ ਨੌਜਵਾਨ ਨਸ਼ੇ ਦਾ ਇੰਜੈਕਸ਼ਨ ਭਰਦਾ ਹੈ ਅਤੇ ਆਪਣੀ ਟੰਗਾਂ ਦੀਆਂ ਨਸਾਂ ਵਿੱਚ ਲਗਾਉਂਦਾ ਹੈ । ਇਸੇ ਦੌਰਾਨ ਇੱਕ ਦੀ ਨਜ਼ਰ ਵੀਡੀਓ ਬਣਾ ਰਹੇ ਸ਼ਖ਼ਸ ‘ਤੇ ਪੈਂਦੀ ਹੈ ਅਤੇ ਉਹ ਪਿੱਛੇ ਹੱਟ ਜਾਂਦਾ ਹੈ । ਇਹ ਵੀਡੀਓ ਸਰਕਾਰ ਅਤੇ ਪੁਲਿਸ ਦੇ ਉਨ੍ਹਾਂ ਦਾਅਵਿਆਂ ਨੂੰ ਮੂੰਹ ਚੜਾ ਰਿਹਾ ਹੈ ਜਿੰਨਾਂ ਵਿੱਚ ਨਸ਼ੇ ‘ਤੇ ਕੰਟਰੋਲ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ।
ਮਕਬੂਲਪੁਰਾ ਵਿੱਚ ਬੁਰਾ ਹਾਲ
ਮਕਬੂਲਪੁਰਾ ਵਿੱਚ 2 ਮਹੀਨੇ ਪਹਿਲਾਂ ਇੱਕ ਨਵ-ਵਿਆਤਾ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਸ਼ਰੇਆਮ ਨਸ਼ਾ ਲੈ ਰਹੀ ਸੀ । ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਤਿੰਨ ਵਾਰ ਸਰਚ ਆਪਰੇਸ਼ਨ ਕੀਤਾ ਪਰ ਕੋਈ ਵੀ ਵੱਡੀ ਮੱਛੀ ਹੱਥ ਨਹੀਂ ਲੱਗੀ । ਮਕਬੂਲਪੁਰਾ ਅੰਮ੍ਰਿਤਸਰ ਦਾ ਉਹ ਇਲਾਕਾ ਮੰਨਿਆ ਜਾਂਦਾ ਹੈ ਜਿੱਥੇ ਹਰ ਇੱਕ ਘਰ ਵਿੱਚ ਨਸ਼ੇ ਨਾਲ ਮੌਤ ਹੋਈ ਹੈ । ਪਰ ਇਸ ਦੇ ਬਾਵਜੂਦ ਇੱਥੇ ਕੋਈ ਸੁਧਾਰ ਨਹੀਂ ਹੋਇਆ ਹੈ
2 ਸੱਕੇ ਭਰਾਵਾਂ ਦੀ ਨਸ਼ੇ ਨਾਲ ਮੌਤ
5 ਦਿਨ ਪਹਿਲਾਂ 5 ਘੰਟਿਆਂ ਦੇ ਅੰਦਰ ਨਸ਼ੇ ਦੇ ਨਾਲ ਜਿੰਨਾਂ ਦੋਵੇ ਭਰਾਵਾਂ ਦੀ ਮੌਤ ਹੋਈ ਸੀ ਉਹ ਅੰਮ੍ਰਿਤਸਰ ਦੇ ਕਟਰਾ ਬਘਿਆ ਦੇ ਰਹਿਣ ਵਾਲੇ ਸਨ। ਵੱਡਾ ਭਰਾ ਹਰਗੁਨ ਨਸ਼ਾ ਵੇਚ ਦਾ ਸੀ । ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਉਸ ਨੂੰ NDPS ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ। ਜੇਲ੍ਹ ਵਿੱਚ ਉਸ ਦੀ ਤਬੀਅਤ ਖ਼ਰਾਬ ਹੋਈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪਰ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ । ਪੁਲਿਸ ਪ੍ਰਸ਼ਾਸਨ ਨੇ ਹਰਗੁਨ ਦੇ ਮੌਤ ਦੀ ਖ਼ਬਰ ਪਰਿਵਾਰ ਨੂੰ ਦਿੱਤੀ ਹੀ ਸੀ ਕਿ 5 ਘੰਟੇ ਬਾਅਦ ਦੂਜੇ ਭਰਾ ਦੀ ਮੌਤ ਦੀ ਖ਼ਬਰ ਮਿਲ ਗਈ । ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਕਾਲੂ ਬੇਕਾਬੂ ਹੋ ਗਿਆ ਅਤੇ ਉਸ ਨੇ ਨਸ਼ੇ ਦਾ ਟੀਕਾ ਲੈ ਲਿਆ ਅਤੇ ਬੇਹੋਸ਼ ਹੋ ਗਿਆ। ਪਰਿਵਾਰ ਹਸਪਤਾਲ ਲੈਕੇ ਪਹੁੰਚਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ।