Punjab

ਹਸਪਤਾਲ ‘ਚ ਲਾਸ਼ ਨਾ ਰੱਖਣ ਦੇ ਪ੍ਰਬੰਧ ‘ਤੇ ਪੀੜਤ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :-  ਅੰਮ੍ਰਿਤਸਰ ‘ਚ ਬੱਸ ਮਾਲਕ ਗੁਰਪ੍ਰੀਤ ਸਿੰਘ ਜਿਸ ਦੀ ਬੱਸ ਚਲਾਉਣ ਦੇ ਸਮੇਂ ਨੂੂੰ ਲੈ ਕੇ ਹੋਏ ਝਗੜੇ ਕਾਰਨ ਮੌਤ ਹੋ ਗਈ ਸੀ, ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰੱਖਣ ਵਾਸਤੇ ਕੋਈ ਪ੍ਰਬੰਧ ਨਾ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਅਤੇ ਸਮਰਥਕਾਂ ਨੇ ਵੱਲੋਂ ਕੱਲ੍ਹ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਰਦਾਘਰ ਵਿੱਚ ਲਾਸ਼ਾਂ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ। ਪ੍ਰਦਰਸ਼ਨਕਾਰੀਆਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਹੈ।

ਇਹ ਧਰਨਾ ਉਸ ਵੇਲੇ ਖਤਮ ਹੋਇਆ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਚਰਨਜੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਹਸਪਤਾਲ ਪ੍ਰਸ਼ਾਸਨ ਵਲੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੁਰਦਾਘਰ ਵਿੱਚ ਲਾਸ਼ ਨੂੰ ਰੱਖਣ ਲਈ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਆਪਣੇ ਵੱਲੋਂ ਪ੍ਰਬੰਧ ਕੀਤਾ ਸੀ, ਪਰ ਕਰਮਚਾਰੀਆਂ ਨੇ ਇਸ ਪ੍ਰਬੰਧ ਨੂੰ ਅਣਗੌਲਿਆਂ ਕਰ ਦਿੱਤਾ।

ਦੱਸਣਯੋਗ ਹੈ ਕਿ ਬੱਸਾਂ ਨੂੰ ਚਲਾਉਣ ਦੇ ਸਮੇਂ ਨੂੰ ਲੈ ਕੇ ਹੋਏ ਝਗੜੇ ਵਿੱਚ ਇਕ ਬੱਸ ਮਾਲਕ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਅਤੇ ਉਸ ਦੀ ਲਾਸ਼ ਇੱਕ ਨਾਲੇ ਨੇੜਿਉਂ ਮਿਲੀ। ਉਸ ਦੀ ਲਾਸ਼ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਸਨ, ਅਤੇ ਇੱਕ ਉਂਗਲੀ ਵੀ ਕੱਟੀ ਹੋਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਦਿਲਪ੍ਰੀਤ ਸਿੰਘ ਬੱਬੂ, ਗੁਰਪ੍ਰੀਤ ਸਿੰਘ ਅਤੇ ਗੁਰਮੁਖ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਬੇਟਾ ਮਿੰਨੀ ਬੱਸ ਲੈ ਕੇ ਗਿਆ ਸੀ। ਬਾਅਦ ਦੁਪਹਿਰ ਚਾਰ ਵਜੇ ਉਸ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ 15 ਮਿੰਟਾਂ ਵਿੱਚ ਘਰ ਪਰਤ ਆਵੇਗਾ, ਪਰ ਉਹ ਘਰ ਨਹੀਂ ਆਇਆ। ਪਰਿਵਾਰ ਵਲੋਂ ਇਸ ਸਬੰਧ ਵਿੱਚ ਥਾਣਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਸੀ, ਅਤੇ 18 ਸਤੰਬਰ ਉਸ ਦੀ ਲਾਸ਼ ਮਿਲੀ। ਪਰਿਵਾਰ ਨੇ ਨਾਮਜ਼ਦ ਕੀਤੇ ਵਿਅਕਤੀਆਂ ’ਤੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿਚ IPC ਦੀ ਧਾਰਾ 302, 201 ਹੇਠ ਕੇਸ ਦਰਜ ਕੀਤਾ ਹੈ ਅਤੇ ਪੁਲੀਸ ਨਾਮਜ਼ਦ ਕੀਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।