ਅੰਮ੍ਰਿਤਸਰ : ਪੰਜਾਬ ਵਿੱਚ ਬੇਅਦਬੀ ਦੇ ਇੱਕ ਹੋਰ ਵੀਡੀਓ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ । ਇਹ ਵੀਡੀਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਆਇਆ ਹੈ । ਕਥੂਨੰਗਲ ਸਾਹਿਬ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿੱਚ ਇੱਕ ਮਹਿਲਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਤਾਬਿਆਂ ‘ਤੇ ਮੌਜੂਦ ਪਾਠੀ ਦੀ ਚੁਸਤੀ ਦੀ ਵਜ੍ਹਾ ਕਰਕੇ ਇਸ ਘਟਨਾ ਨੂੰ ਰੋਕਿਆ ਗਿਆ ਅਤੇ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਕਾਫੀ ਗੁੱਸਾ ਵੇਖਿਆ ਜਾ ਰਿਹਾ ਹੈ । ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ।
ਇਸ ਤਰ੍ਹਾਂ ਮਹਿਲਾ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ
ਮੌਕੇ ‘ਤੇ ਮੌਜੂਦ ਪਾਠੀ ਨੇ ਦੱਸਿਆ ਕਿ ਮਹਿਲਾ ਦੁਪਹਿਰ ਵੇਲੇ ਕਥੂਨੰਗਲ ਸਾਹਿਬ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿੱਚ ਪਹੁੰਚੀ । ਸੰਗਤ ਵੀ ਗੁਰੂ ਘਰ ਹਾਜ਼ਰੀ ਲਈ ਪਹੁੰਚੀ ਹੋਈ ਸੀ,ਇਸੀ ਦੌਰਾਨ ਇੱਕ ਮਹਿਲਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਪਰਿਕਰਮਾ ਕਰਨ ਲੱਗੀ ਅਚਾਨਕ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਾ ਸਾਹਿਬ ‘ਤੇ ਹੱਥ ਪਾਇਆ ਅਤੇ ਅੰਗ ਫਾੜਨ ਦੀ ਕੋਸ਼ਿਸ਼ ਕਰਨ ਲੱਗੀ ਉਸੇ ਵਕਤ ਪਾਠੀ ਸਿੰਘ ਨੇ ਮਹਿਲਾ ਨੂੰ ਧੱਕਾ ਮਾਰਿਆ ਅਤੇ ਬੇਅਦਬੀ ਦੀ ਘਟਨਾ ਨੂੰ ਰੋਕਿਆ, ਜੇਕਰ ਤਾਬਿਆ ‘ਤੇ ਬੈਠਾ ਸਿੰਘ ਅਲਰਟ ਨਾ ਹੁੰਦਾ ਤਾਂ ਮਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾ ਸਕਦੀ ਸੀ, ਇਹ ਪੂਰੀ ਘਟਨਾ CCTV ਵਿੱਚ ਕੈਦ ਹੋਈ ਹੈ । ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਰ ਇਸ ਪੂਰੀ ਘਟਨਾ ਨੂੰ ਲੈਕੇ ਕਈ ਸਵਾਲ ਉੱਠ ਰਹੇ ਨੇ ਜਿੰਨਾਂ ਦਾ ਜਵਾਬ ਪੁਲਿਸ ਨੂੰ ਤਲਾਸ਼ਨਾ ਹੋਵੇਗਾ ਕਿਉਂਕਿ ਅਜਿਹੀ ਹਰਕਤ ਸੂਬੇ ਦਾ ਮਾਹੌਲ ਖ਼ਰਾਬ ਕਰ ਸਕਦੀ ਹੈ ।
ਪੁਲਿਸ ਦੇ ਸਾਹਮਣੇ ਸਵਾਲ
ਪੁਲਿਸ ਨੂੰ ਇਸ ਗੱਲ ਤਾਂ ਪਤਾ ਲਗਾਉਣਾ ਹੋਵੇਗਾ ਆਖਿਰ ਬੇਅਦਬੀ ਕਰਨ ਪਿੱਛੇ ਮਹਿਲਾ ਦਾ ਮਕਸਦ ਕੀ ਸੀ ? ਕੀ ਮਹਿਲਾ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ ? ਕੀ ਕਿਸੇ ਨੇ ਉਸ ਦੀ ਮਾਨਸਿਕ ਸੰਤੁਲਨ ਠੀਕ ਨਾ ਹੋਣ ਦਾ ਫਾਇਦਾ ਚੁੱਕ ਕੇ ਉਸ ਕੋਲੋ ਬੇਅਦਬੀ ਦੀ ਹਰਕਤ ਕਰਵਾਉਣ ਦੀ ਕੋਸ਼ਿਸ਼ ਕੀਤੀ ? ਜੇਕਰ ਹਾਂ ਤਾਂ ਉਹ ਕੌਣ ਸੀ ? ਕਿਉਂਕਿ ਹੁਣ ਤੱਕ ਬੇਅਦਬੀ ਦੇ ਜ਼ਿਆਦਾਤਰ ਮਾਮਲਿਆਂ ਨੂੰ ਇਹ ਕਹਿ ਕੇ ਹੀ ਦਬਾ ਦਿੱਤਾ ਜਾਂਦਾ ਹੈ ਕਿ ਮੁਲਜ਼ਮ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ,ਪੁਲਿਸ ਨੂੰ ਇਸ ਦੀ ਤੈਅ ਤੱਕ ਜਾਣਾ ਹੋਵੇਗਾ ਇਸ ਤੋਂ ਪਹਿਲਾਂ ਸੰਗਰੂਰ ਦੇ ਮਸਤੁਆਣਾ ਸਾਹਿਬ ਗੁਰਦੁਆਰੇ ਵਿੱਚ ਵੀ ਇੱਕ ਸਖ਼ਸ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ।