ਬਿਊਰੋ ਰਿਪੋਰਟ : ਮਣੀਪੁਰ-ਇੰਫਾਲ ਸਰਹੱਦ ‘ਤੇ ਡਿਊਟੀ ਦੌਰਾਨ ਲੱਗੀ ਗੋਲੀ ਨਾਲ ਸ਼ਹੀਦ ਹੋਏ ਹਰਪਾਲ ਸਿੰਘ ਦੀ ਸ਼ਹਾਦਤ ਪਰਿਵਾਰ ਲਈ ਬੁਝਾਰਤ ਬਣ ਗਈ ਹੈ। ਅੰਮ੍ਰਿਤਸਰ ਦੇ ਛੇਹਟਾ ਦੀ ਮਾਡਲ ਕਾਲੋਨੀ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਫੌਜ ਦੇ ਅਧਿਕਾਰੀ ਮੌਜੂਦ ਸਨ ਅਤੇ ਪਰਿਵਾਰ ਦਾ ਰੋਹ-ਰੋਹ ਕੇ ਬੁਰਾ ਹਾਲ ਸੀ। ਵੱਡੀ ਗੱਲ ਇਹ ਹੈ ਕਿ ਇਸ ਮੌਕੇ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਨਾ ਹੀ ਕੋਈ ਮੰਤਰੀ ਜਾਂ ਫਿਰ ਵਿਧਾਇਕ। ਪਰ ਇਸ ਦੌਰਾਨ ਹਰਪਾਲ ਸਿੰਘ ਦੀ ਸ਼ਹਾਦਤ ਨੂੰ ਲੈਕੇ ਪਰਿਵਾਰ ਨੇ ਮਨ ਵਿੱਚ ਕੁੱਝ ਸਵਾਲ ਜ਼ਰੂਰ ਚੱਲ ਰਹੇ ਸਨ। ਇਸ ਤੋਂ ਇਲਾਵਾ ਹਰਪਾਲ ਸਿੰਘ ਦੀ ਪਤਨੀ ਨੇ ਦੋ ਦਿਨ ਪਹਿਲਾਂ ਪਿਤਾ ਦੇ ਨਾਲ ਪੁੱਤਰ ਦੀ ਫੋਨ ‘ਤੇ ਹੋਈ ਜਿਹੜੀ ਗੱਲ ਦੱਸੀ ਹੈ, ਉਸ ਨੇ ਸਿੱਖੀ ਦਾ ਮਾਣ ਜ਼ਰੂਰ ਵਧਾਇਆ ਹੈ ।
ਕਿਵੇਂ ਬਣੀ ਹਰਪਾਲ ਸਿੰਘ ਦੀ ਸ਼ਹਾਦਤ ਬੁਝਾਰਤ
ਸ਼ਹੀਦ ਹਰਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ‘ਤੇ ਡਿਊਟੀ ਦੌਰਾਨ ਗੋਲੀ ਲੱਗੀ ਸੀ। ਗੋਲੀ ਕਿਸ ਨੇ ਚਲਾਈ, ਕਿੱਥੋ ਚਲਾਈ, ਇਸ ਦੀ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੇ ਨਹੀਂ ਦਿੱਤੀ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਰਪਾਲ ਸਿੰਘ ਦੀ ਮੌਤ ਦੁਸ਼ਮਣ ਦੀ ਗੋਲੀ ਦੀ ਵਜ੍ਹਾ ਕਰਕੇ ਹੋਈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਇਹ ਸਪਸ਼ਟ ਨਹੀਂ ਹੈ।
ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ‘ਤੇ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਹੈ ਪਰ ਪਤੀ ਦੀ ਸ਼ਹੀਦੀ ‘ਤੇ ਮੈਨੂੰ ਮਾਣ ਹੈ। ਰੋਂਦੇ-ਰੋਂਦੇ ਪਤਨੀ ਨੇ ਪੁੱਤਰ ਅਤੇ ਸ਼ਹੀਦ ਹਰਪਾਲ ਸਿੰਘ ਨਾਲ 2 ਦਿਨ ਪਹਿਲਾਂ ਹੋਈ ਇੱਕ ਅਹਿਮ ਗੱਲ ਵੀ ਦੱਸੀ, ਜੋ ਪਿਤਾ ਨੂੰ ਹਮੇਸ਼ਾ ਮਾਣ ਮਹਿਸੂਸ ਕਰਵਾਉਂਦੀ ਰਹੇਗੀ ।
ਐਤਵਾਰ ਨੂੰ ਪਰਿਵਾਰ ਨਾਲ ਹੋਈ ਗੱਲਬਾਤ
ਹਰਪਾਲ ਸਿੰਘ ਦੇ ਪਰਿਵਾਰ ਨੇ ਆਖਰੀ ਵਾਰ ਐਤਵਾਰ ਨੂੰ ਗੱਲ ਕੀਤੀ ਸੀ। ਸ਼ਹੀਦ ਦੀ ਪਤਨੀ ਨੇ ਦੱਸਿਆ ਜਦੋਂ ਫੋਨ ਆਇਆ ਤਾਂ ਪੁੱਤਰ ਨੇ ਵੀ ਗੱਲ ਕੀਤੀ। ਉਸ ਨੇ ਦੱਸਿਆ ਕਿ ਐਤਵਾਰ ਹੈ ਕੇਸੀ ਇਸ਼ਨਾਨ ਕੀਤਾ ਹੈ ਅਤੇ ਵਾਅਦਾ ਕੀਤਾ ਕਿ ਉਹ ਕੇਸਾਂ ਨੂੰ ਸੰਭਾਲ ਕੇ ਰੱਖੇਗਾ ਅਤੇ ਕਦੇ ਕਤਲ ਨਹੀਂ ਕਰਵਾਏਗਾ। ਪੁੱਤਰ ਦੀ ਇਹ ਗੱਲ ਸੁਣ ਕੇ ਯਕੀਨਨ ਪਿਤਾ ਦਾ ਸਿਰ ਫਕਰ ਨਾਲ ਉੱਚਾ ਹੋ ਗਿਆ ਹੋਵੇਗਾ, ਜਦੋਂ ਪੁੱਤਰ ਸਸਕਾਰ ਵੇਲੇ ਅੰਤਿਮ ਵਿਦਾਈ ਦੇਣ ਪਹੁੰਚਿਆ ਤਾਂ ਉਸ ਦੇ ਸਿਰ ‘ਤੇ ਪੱਗ ਸੱਜੀ ਹੋਈ ਸੀ। ਉਸ ਨੇ ਪਿਤਾ ਨੂੰ ਮੱਥਾ ਟੇਕਿਆ ਅਤੇ ਸਲੂਟ ਕੀਤਾ। ਕਿਧਰੇ ਨਾ ਕਿਧਰੇ ਪੁੱਤਰ ਦੇ ਮਨ ਵਿੱਚ ਦੋ ਦਿਨ ਪਹਿਲਾਂ ਪਿਤਾ ਨਾਲ ਕੇਸਾਂ ਨੂੰ ਸੰਭਾਲਣ ਦਾ ਕੀਤਾ ਵਾਅਦਾ ਵੀ ਯਾਦ ਆ ਗਿਆ ਹੋਵੇਗਾ। ਪੁੱਤਰ ਵੱਲੋਂ ਪਿਤਾ ਨੂੰ ਦਿੱਤੀ ਇਹ ਸ਼ਰਧਾਂਜਲੀ ਨਾ ਸਿਰਫ਼ ਸਿੱਖੀ ਦਾ ਮਾਣ ਵਧਾਏਗੀ ਬਲਕਿ ਉਨ੍ਹਾਂ ਲੋਕਾਂ ਲਈ ਵੀ ਚੰਗਾ ਸੁਨੇਹਾ ਹੈ, ਜੋ ਕੇਸ ਕਤਲ ਕਰਵਾ ਕੇ ਸਿੱਖੀ ਤੋਂ ਦੂਰ ਹੋ ਰਹੇ ਹਨ।