ਬਿਊਰੋ ਰਿਪੋਰਟ: ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਫਾਸਟ ਟ੍ਰੈਕ ਕੋਰਟ) ਅੰਮ੍ਰਿਤਸਰ ਦੀ ਜੱਜ ਤ੍ਰਿਪਤਜੋਤ ਕੌਰ ਨੇ ਪੋਕਸੋ ਐਕਟ ਤਹਿਤ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ।
ਅਦਾਲਤ ਨੇ ਅਨਿਲ ਕੁਮਾਰ ਉਰਫ਼ ਬਿੱਲੀ ਪੁੱਤਰ ਵਿਨੋਦ ਕੁਮਾਰ ਅਤੇ ਸੋਹਮ ਪੁੱਤਰ ਰਾਮਦੇਵ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ ਹਰੇਕ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਸੁਣਾਇਆ ਹੈ। ਇਹ ਫੈਸਲਾ ਐਫਆਈਆਰ ਨੰਬਰ 77/2023 (ਮਹਿਲਾ ਥਾਣਾ ਅੰਮ੍ਰਿਤਸਰ) ਵਿੱਚ ਦਰਜ ਮਾਮਲੇ ਤਹਿਤ ਸੁਣਾਇਆ ਗਿਆ। ਪੁਲਿਸ ਜਾਂਚ ਅਨੁਸਾਰ, ਇਹ ਮਾਮਲਾ ਧਾਰਾ 376-ਡੀ, 376-ਡੀਏ ਆਈਪੀਸੀ ਅਤੇ ਧਾਰਾ 6 ਪੋਕਸੋ ਐਕਟ ਨਾਲ ਸਬੰਧਤ ਸੀ।
ਜਾਣੋ ਪੂਰਾ ਮਾਮਲਾ
ਪੁਲਿਸ ਦੇ ਬਿਆਨ ਮੁਤਾਬਕ ਘਟਨਾ ਵਾਲੇ ਦਿਨ, ਦੋਸ਼ੀ ਅਨਿਲ ਕੁਮਾਰ ਉਰਫ਼ ਬਿੱਲੀ ਆਪਣੇ 4 ਦੋਸਤਾਂ ਨਾਲ ਆਪਣੇ ਬੱਚੇ ਦੇ ਜਨਮਦਿਨ ਦੀ ਪਾਰਟੀ ਮਨਾ ਰਿਹਾ ਸੀ। ਸਾਰੇ ਸ਼ਰਾਬੀ ਹਾਲਤ ਵਿੱਚ ਸਨ। ਪੀੜਤਾ ਉਸੇ ਇਲਾਕੇ ਵਿੱਚ ਰਹਿੰਦੀ ਸੀ ਅਤੇ ਨੀਂਦ ਨਾ ਆਉਣ ਕਾਰਨ ਦੇਰ ਰਾਤ ਆਪਣੀ ਛੱਤ ’ਤੇ ਖੜ੍ਹੀ ਸੀ। ਇਸ ਦੌਰਾਨ, ਦੋਸ਼ੀ ਨੇ ਉਸਨੂੰ ਕਿਸੇ ਬਹਾਨੇ ਆਪਣੇ ਕੋਲ ਬੁਲਾਇਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਪੀੜਤ ਦੀ ਸ਼ਿਕਾਇਤ ’ਤੇ, ਮਹਿਲਾ ਥਾਣਾ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ, ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਦੋਸ਼ੀ ਹੈ
ਅਦਾਲਤ ਦਾ ਸਖ਼ਤ ਸੰਦੇਸ਼
ਸਜ਼ਾ ਸੁਣਾਉਂਦੇ ਹੋਏ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤ੍ਰਿਪਤਜੋਤ ਕੌਰ ਨੇ ਕਿਹਾ ਕਿ ਅਜਿਹੇ ਅਪਰਾਧ ਸਮਾਜ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕਰਦੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਸਖ਼ਤ ਸਜ਼ਾ ਦਾ ਉਦੇਸ਼ ਸਮਾਜ ਨੂੰ ਇਹ ਸੁਨੇਹਾ ਦੇਣਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨਾ ਵਾਪਰਨ ਅਤੇ ਅਪਰਾਧੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਅਪਰਾਧਾਂ ਦੇ ਨਤੀਜੇ ਬਹੁਤ ਕਠੋਰ ਹੋਣਗੇ।