ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੌਸਕੋ ਫਾਸਟ ਟਰੈਕ ਅਦਾਲਤ ਇਤਿਹਾਸ ਰਚਦਿਆਂ ਨੇ ਆਪਣੀ ਹੀ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਕਰਕੇ ਉਸਦਾ ਬੁਰੀ ਤਰ੍ਹਾਂ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਇੱਕ ਪਿਤਾ ਨੂੰ ਡੇਢ ਲੱਖ ਰੁਪਏ ਜ਼ੁਰਮਾਨਾ ਅਤੇ ਫਾਂਸੀ ਦੀ ਸਜਾ ਸੁਣਾਈ ਹੈ।
ਪੌਸਕੋ ਫਾਸਟ ਟਰੈਕ ਅਦਾਲਤ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤ੍ਰਿਪਤਜੋਤ ਕੌਰ ਨੇ ਬਾਬਾ ਬਕਾਲਾ ਦੇ ਪਿੰਡ ਲੱਖੂਵਾਲ ਦੇ ਵਾਸੀ 36 ਸਾਲਾ ਪ੍ਰਤਾਪ ਸਿੰਘ ਨੂੰ ਆਪਣੀ ਹੀ ਛੇ ਸਾਲਾ ਪੁੱਤਰੀ ਨਾਲ ਮਿਤੀ 4-5 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਕੀਤੇ ਸੰਗੀਨ ਅਪਰਾਧ ਲਈ ਧਾਰਾ 302 ਅਤੇ ਪੌਸਕੋ ਐਕਟ ਦੀ ਧਾਰਾ 6 ਅਧੀਨ ਦਰਜ ਮੁਕੱਦਮੇ ਦੀ ਸੁਣਵਾਈ ਦੌਰਾਨ ਧਾਰਾ 302 ਤਹਿਤ ਫਾਂਸੀ ਦੀ ਸਜਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਅਤੇ ਪੌਸਕੋ ਐਕਟ ਦੀ ਧਾਰਾ 6 ਤਹਿਤ ਤਾਅ ਉਮਰ ਲਈ ਉਮਰ ਕੈਦ ਤੇ ਪੰਜਾਹ ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ। ਇਹ ਦੋਵੇਂ ਸਜਾਵਾਂ ਨਾਲੋ-ਨਾਲ ਚੱਲਣਗੀਆਂ।
ਦੋਸ਼ੀ ਪਿਤਾ ਦੀ ਪਤਨੀ ਪਰਿਵਾਰਕ ਝਗੜੇ ਕਰਕੇ ਉਸ ਤੋਂ ਆਪਣੇ ਬੱਚਿਆਂ ਸਮੇਤ ਵੱਖ ਰਹਿੰਦੀ ਸੀ ਤੇ ਦੋਸ਼ੀ ਸਮੇਂ-ਸਮੇਂ ’ਤੇ ਆਪਣੀ ਬੱਚੀ ਨੂੰ ਆਪਣੇ ਨਾਲ ਲੈ ਜਾਂਦਾ ਸੀ ਤੇ ਘਟਨਾ ਵਾਲੇ ਦਿਨ ਚਾਰ ਜਨਵਰੀ ਸ਼ਾਮ ਨੂੰ ਉਹ ਬੱਚੀ ਨੂੰ ਲੈ ਗਿਆ ਤੇ ਛੱਡਣ ਨਹੀਂ ਆਇਆ ਤੇ ਜੰਗਲੀ ਇਲਾਕੇ ਵਿੱਚ ਛੋਟੀ ਮਾਸੂਮ ਬੱਚੀ ਨਾਲ ਜ਼ਬਰਜਨਾਹ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਦਰਖ਼ਤ ਨਾਲ ਲਟਕਾ ਦਿੱਤੀ। ਫਿਰ ਉਹ ਨਸ਼ੇ ਦੀ ਹਾਲਤ ਵਿੱਚ ਨੇੜੇ-ਤੇੜੇ ਹੀ ਘੁੰਮਦਾ ਰਿਹਾ।
ਇਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਬਾਰੇ ਆਪਣੀ ਪਤਨੀ ਨੂੰ ਆਪ ਹੀ ਦੱਸਿਆ ਕਿ ਉਸਨੇ ਬੱਚੀ ਨੂੰ ਮਾਰ ਦਿੱਤਾ ਹੈ। ਇਸ ਸਬੰਧੀ ਥਾਣਾ ਖਲਚੀਆਂ ਵਿਖੇ ਦੋਸ਼ੀ ਦੀ ਪਤਨੀ ਰਮਨਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਿਤੀ 05 ਜਨਵਰੀ 2020 ਨੂੰ ਮੁਕਦਮਾ ਦਰਜ ਕੀਤਾ ਗਿਆ ਸੀ।