Punjab

ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਭਾਗ ਦਾ ਡੀਆਈਜੀ ਮੁਅੱਤਲ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਨੇ ਕੱਲ੍ਹ ਅੰਮ੍ਰਿਤਸਰ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਅੰਮ੍ਰਿਤਸਰ ਦੇ ਡੀਆਈਜੀ- ਜੇਲ੍ਹਾਂ ਲਖਵਿੰਦਰ ਸਿੰਘ ਜਾਖੜ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡੀਆਈਜੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਅਧਿਕਾਰੀ ਦੇ ਕਾਰਜਖ਼ੇਤਰ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਤਰਨ ਤਾਰਨ ਵਿਚਲੀਆਂ ਜੇਲ੍ਹਾਂ ਆਉਂਦੀਆਂ ਹਨ। ਏਡੀਜੀਪੀ- ਜੇਲ੍ਹਾਂ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਤਰਨ ਤਾਰਨ ਵਿੱਚ ਪੈਂਦੀ ਪੱਟੀ ਸਬ-ਜੇਲ੍ਹ ਦੇ ਇੰਚਾਰਜ ਅਤੇ ਡਿਪਟੀ ਸੁਪਰਡੈਂਟ ਵਿਜੇ ਕੁਮਾਰ ਵਲੋਂ ਲਾਏ ਦੋਸ਼ਾਂ ਦੀ ਆਈਜੀ-ਜੇਲ੍ਹਾਂ ਰੂਪ ਕੁਮਾਰ ਵਲੋਂ ਕੀਤੀ ਗਈ ਮੁੱਢਲੀ ਜਾਂਚ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਮਹੀਨਾਵਾਰ ਵਸੂਲੀ ਦੇ ਦੋਸ਼ ਸਾਬਤ ਨਹੀਂ ਹੋਏ ਹਨ। ਡਿਪਟੀ ਸੁਪਰਡੈਂਟ ਨੇ ਦੋਸ਼ ਲਾਏ ਸਨ ਕਿ ਬੀਤੀ 7 ਅਪ੍ਰੈਲ ਨੂੰ ਜਾਖੜ ਅਤੇ ਉਨ੍ਹਾਂ ਦੇ ਸਟਾਫ ਨੇ ਜੇਲ੍ਹ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਦੇ ਰੀਡਰ ਨੇ ਅਧਿਕਾਰੀ ਲਈ 15,000 ਤੋਂ 20,000 ਰੁਪਏ ਪ੍ਰਤੀ ਮਹੀਨਾ ਰਿਸ਼ਵਤ ਮੰਗੀ। ਵਿਜੇ ਕੁਮਾਰ ਨੇ ਦੱਸਿਆ ਕਿ ਉਸ ਨੇ 10,000 ਹਜ਼ਾਰ ਰੁਪਏ ਦਿੱਤੇ ਅਤੇ ਇੱਕ ਜੇਲ੍ਹ ਵਾਰਡਰ ਨੇ ਤਿੰਨ ਹਜ਼ਾਰ ਰੁਪਏ ਡੀਆਈਜੀ ਦੇ ਡਰਾਈਵਰ ਨੂੰ ਦਿੱਤੇ। ਇਸ ਸਬੰਧੀ ਆਈਜੀ ਵਲੋਂ ਜਾਖੜ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਭਾਵੇਂ ਕਿ ਜਾਂਚ ਵਿੱਚ ਜੇਲ੍ਹਾਂ ਵਿੱਚੋਂ ਮਹੀਨਾਵਰ ਵਸੂਲੀ ਸਬੰਧੀ ਘਪਲੇ ਦੇ ਦੋਸ਼ਾਂ ਨੂੰ ਠੋਸ ਨਹੀਂ ਦੱਸਿਆ ਗਿਆ ਹੈ ਪਰ ਚਾਰਜਸ਼ੀਟ ਵਿੱਚ ਜਾਖੜ ਤੋਂ ਜੇਲ੍ਹ ਸਟਾਫ ਪਾਸੋਂ ਮਹੀਨਾਵਰ ਰਿਸ਼ਵਤ ਲੈਣ ਸਬੰਧੀ ਪੁੱਛਿਆ ਗਿਆ ਹੈ। ਜਾਖੜ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਦੋਸ਼ਾਂ ਪਿੱਛੇ ਬਹੁਤ ਕੁਝ ਹੈ, ਜੋ ਵਿਭਾਗੀ ਜਾਂਚ ਵਿੱਚ ਸਾਬਤ ਹੋ ਜਾਵੇਗਾ।’’