ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਰੱਖੜੀ ਵਾਲੇ ਦਿਨ ਇੱਕ ਭੈਣ ਦਾ ਭਰਾ ‘ਦਿਲ’ ਤੋੜ ਗਿਆ । ਬਚਪਨ ਵਿੱਚ ਜਿਸ ਭਰਾ ਦਾ ਨਾਂ ਸ਼ੌਕ ਨਾਲ ‘ਦਿਲ’ ਰੱਖਿਆ ਸੀ ਉਹ ਉਸੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਗਿਆ । ਨਸ਼ੇ ਦੀ ਲੱਤ ਨੇ ਇੱਕ ਭੈਣ ਤੋਂ ਭਰਾ ਨੂੰ ਦੂਰ ਕਰ ਦਿੱਤਾ । ਇਹ ਘਟਨਾ ਅੰਮ੍ਰਿਤਸਰ ਦੇ ਸਰਹੱਦੀ ਹਲਕੇ ਅਟਾਰੀ ਦੇ ਪਿੰਡ ਛਿਡਨ ਦੀ ਹੈ । ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ । ਪਿੰਡ ਵਾਲਿਆਂ ਦਾ ਇਲਜ਼ਾਮ ਹੈ ਇੱਥੇ ਘਰ-ਘਰ ਨਸ਼ਾ ਵਿਕਦਾ ਹੈ ।
ਮ੍ਰਿਤਕ ਦੀ ਭੈਣ ਨਵਦੀਪ ਕੌਰ ਨੇ ਦੱਸਿਆ ਕਿ ਜਦੋਂ ਹਰ ਕੋਈ ਰੱਖੜੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਇੱਕ ਭਰਾ ਭੈਣ ਤੋਂ ਵਿਛੜ ਗਿਆ । ਭਰਾ ਦਾ ਨਾਂ ਦਿਲ ਸੀ,ਸਾਰੇ ਪਿਆਰ ਨਾਲ ਉਸ ਨੂੰ ਦਿਲਾ ਬੁਲਾਉਂਦੇ ਸਨ । ਰੱਖੜੀ ਦੀ ਸਵੇਰ ਉਸ ਨੇ ਭੈਣ ਤੋਂ ਆਪਣੀ ਗੁੱਟ ‘ਤੇ ਰੱਖੜੀ ਬਨਵਾਈ ਇਸ ਦੇ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਚੱਲਾ ਗਿਆ । ਦੁਪਹਿਰ ਨੂੰ ਦਿਲਾ ਨਸ਼ੇ ਦੀ ਪੂੜੀ ਲੈ ਆਇਆ ਅਤੇ ਸਿੱਧੇ ਵਾਸ਼ਰੂਮ ਚੱਲਾ ਗਿਆ । ਉੱਥੇ ਉਸ ਨੇ ਇੰਜੈਕਸ਼ਨ ਲਿਆ ਜਦੋਂ ਕਾਫੀ ਸਮੇਂ ਤੱਕ ਉਹ ਬਾਹਰ ਨਹੀਂ ਨਿਕਲਿਆ ਤਾਂ ਪਿਤਾ ਨੇ ਦਰਵਾਜ਼ਾ ਖੋਲਿਆ ਅੰਦਰ ਦਿਲ ਦੀ ਲਾਸ਼ ਪਈ ਸੀ । ਹੱਥ ਵਿੱਚ ਨਸ਼ੇ ਦਾ ਇੰਜੈਕਸ਼ਨ ਸੀ ।
ਨਸ਼ਾ ਕਰਨ ਵਾਲੇ ਵੇਚ ਰਹੇ ਹਨ ਨਸ਼ਾ
ਸਥਾਨਕ ਲੋਕਾਂ ਨੇ ਪੁਲਿਸ ‘ਤੇ ਨਸ਼ੇ ਨੂੰ ਕੰਟਰੋਲ ਨਾ ਕਰਨ ਦੇ ਇਲਜ਼ਾਮ ਲਗਾਏ ਹਨ । ਹਾਲਾਤ ਇਹ ਹਨ ਕਿ ਹੁਣ ਸਮੱਗਲਰ ਪੁਲਿਸ ਤੋਂ ਡਰ ਕੇ ਨਸ਼ਾ ਨਹੀਂ ਵੇਚ ਰਹੇ ਹਨ ਬਲਕਿ ਸਮੱਗਲਰਾਂ ਨੇ ਨਸ਼ਾ ਲੈਣ ਵਾਲਿਆਂ ਨੂੰ ਕੰਮ ‘ਤੇ ਲਗਾਇਆ ਹੈ । ਉਹ ਉਨ੍ਹਾਂ ਨੂੰ ਨਸ਼ਾ ਵੇਚਣ ਦੇ ਲਈ ਮੁਫਤ ਵਿੱਚ ਨਸ਼ਾ ਦਿੰਦੇ ਹਨ । ਇਹ ਹੀ ਕਾਰਨ ਹੈ ਕਿ ਨਸ਼ੇ ਦਾ ਜਾਲ ਫੈਲ ਦਾ ਜਾ ਰਿਹਾ ਹੈ । ਪੁਲਿਸ ਛੋਟੇ ਨਸ਼ਾ ਸਮੱਗਲਰਾਂ ਨੂੰ ਫੜ ਰਹੀ ਹੈ ਪਰ ਵੱਡੇ ਫਰਾਰ ਹਨ ।