ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਗਲੋਵਾਲੀ ਵਿੱਚ ਆਮ ਆਦਮੀ ਪਾਟਰੀ ਦੇ ਸਰਪੰਚ ਕੁਲਵੰਤ ਸਿੰਘ ਦੇ ਘਰ ਹਥਿਆਰਬੰਦ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਦੇਰ ਰਾਤ ਜਦੋਂ ਹਮਲਾ ਹੋਇਆ ਤਾਂ ਉਸ ਸਮੇਂ ਸਰਪੰਚ ਘਰ ਵਿੱਚ ਹੀ ਮੌਜੂਦ ਸੀ । ਤਕਰੀਬਨ 10 ਤੋਂ 12 ਬਦਮਾਸ਼ ਗੇਟ ਤੋਂ ਛਾਲ ਮਾਰ ਕੇ ਅੰਦਰ ਦਾਖਲ ਹੋਏ । ਉਨ੍ਹਾਂ ਨੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ । ਹਮਲੇ ਦੇ ਪਿੱਛੇ ਨਸ਼ਾ ਤਸਕਰ ਦੱਸੇ ਜਾ ਰਹੇ ਹਨ ।
8 ਫਰਵਰੀ ਨੂੰ ਸਰਪੰਚ ‘ਤੇ ਹੋਇਆ ਸੀ ਹਮਲਾ
ਇਸ ਤੋਂ ਪਹਿਲਾਂ 8 ਫਰਵਰੀ ਨੂੰ ਹਮਲਾਵਰਾਂ ਨੇ ਸਰਪੰਚ ਕੁਲਵੰਤ ਸਿੰਘ ‘ਤੇ ਦਾਤਰ ਨਾਲ ਵਾਰ ਕੀਤੇ ਸਨ । ਪਿੰਡ ਦੇ ਲੋਕਾਂ ਮੁਤਾਬਿਕ ਤਿੰਨ ਘਰਾਂ ਵਿੱਚ ਦੇਰ ਰਾਤ ਹਮਲਾ ਹੋਇਆ ਹੈ । ਬਦਮਾਸ਼ਾ ਨੇ 5 ਤੋਂ 6 ਗੱਡੀਆਂ ਭੰਨਿਆ ਹਨ ।
ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਸਨ
ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਨਸ਼ਾ ਤਸਕਰ ਬਹੁਤ ਹਨ । ਨਸ਼ਾ ਵੇਚਣ ਵਾਲਿਆਂ ਦਾ ਉਹ ਵਿਰੋਧ ਕਰਦੇ ਸਨ । ਇਸੇ ਕਾਰਨ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਹੋਇਆ ਹੈ । ਉਨ੍ਹਾਂ ਇਲਾਕੇ ਦੀ ਪੁਲਿਸ ਨੂੰ ਇਤਲਾਹ ਕੀਤੀ । ਪੁਲਿਸ ਦੇ ਜਾਂਚ ਅਧਿਕਾਰੀ ਜਤਿੰਦਰਪਾਲ ਸਿੰਘ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਬਿਆਨ ਲੈਣ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ । ਪਰ ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਪੁਲਿਸ ਤੇ ਢਿੱਲੀ ਕਾਰਵਾਈ ਦਾ ਇਲਜ਼ਾਮ
ਉਧਰ ਸਮਾਜ ਸੇਵੀ ਨਿਤਿਨ ਗਿੱਲ ਨੇ ਪੁਲਿਸ ਪ੍ਰਸ਼ਾਸਨ ‘ਤੇ ਢਿੱਲੀ ਕਾਰਵਾਈ ਦਾ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਕਿਹਾ ਸਰਪੰਚ ‘ਤੇ ਪਹਿਲਾਂ ਹੀ ਹਮਲਾ ਹੋ ਚੁੱਕਿਆ ਹੈ । ਪਰ ਕੋਈ ਕਾਰਵਾਈ ਨਹੀਂ ਹੋਈ ਸੀ । ਹੁਣ ਮੁੜ ਤੋਂ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਹੈ ।