ਅੰਮ੍ਰਿਤਸਰ: ਅੰਮ੍ਰਿਤਸਰ ਦੀ ਫਾਸਟ ਟ੍ਰੈਕ ਅਦਾਲਤ ਨੇ ਬੁੱਧਵਾਰ ਨੂੰ ਪੋਕਸੋ ਐਕਟ ਦੇ ਇੱਕ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 12 ਸਾਲਾਂ ਦੀ ਨਾਬਾਲਗ ਬੱਚੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ੀ ਵਿਸ਼ਾਲ ਕੁਮਾਰ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਸ ’ਤੇ 55 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਫੈਸਲਾ ਜੱਜ ਤ੍ਰਿਪਤਜੋਤ ਕੌਰ ਨੇ ਸੁਣਾਇਆ। ਮਾਮਲਾ 26 ਅਪ੍ਰੈਲ 2023 ਦਾ ਹੈ। ਦੋਸ਼ੀ ਵਿਸ਼ਾਲ ਕੁਮਾਰ ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਬਰੇਲੀ ਲੈ ਗਿਆ ਅਤੇ ਉਸ ਤੋਂ ਬਾਅਦ ਰਾਜਸਥਾਨ ਦੇ ਬਿਆਵਰ ਸ਼ਹਿਰ ’ਚ ਇੱਕ ਕਿਰਾਏ ਦੇ ਘਰ ਵਿੱਚ ਉਸ ਨਾਲ ਜ਼ਬਰਦਸਤੀ ਦੁਰਵਿਵਹਾਰ ਕੀਤਾ।
ਇਸ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 363, 366 ਅਤੇ ਪੋਕਸੋ ਐਕਟ ਦੀ ਧਾਰਾ 6 ਅਧੀਨ ਕੇਸ ਦਰਜ ਕੀਤਾ ਸੀ। ਮਜੀਠਾ ਰੋਡ ਥਾਣੇ ’ਚ ਐੱਫਆਈਆਰ ਨੰਬਰ 43/2023 ਦੇ ਤਹਿਤ ਵਿਸ਼ਾਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਸਾਰੇ ਸਬੂਤਾਂ ਦੇ ਆਧਾਰ ’ਤੇ ਉਸਨੂੰ ਦੋਸ਼ੀ ਕਰਾਰ ਦਿੰਦਿਆਂ ਸਖ਼ਤ ਸਜ਼ਾ ਸੁਣਾਈ।