ਅੰਮ੍ਰਿਤਸਰ : ਲੁਧਿਆਣਾ ਤੋਂ ਸਾਢੇ 8 ਕਰੋੜ ਦੀ ਲੁੱਟ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਉਸੇ ਸਟਾਇਲ ਨਾਲ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ । ਇੱਕ ਕੈਸ਼ ਮੈਨੇਜਮੈਂਟ ਕੰਪਨੀ ਦਾ ਮੁਲਾਜ਼ਮ ਸਵੇਰੇ ਵੇਲੇ ਬੈਂਕ ਵਿੱਚ 10 ਲੱਖ ਜਮਾਂ ਕਰਵਾਉਣ ਜਾ ਰਿਹਾ ਸੀ। ਉਹ ਬੈਂਕ ਤੋਂ 100 ਤੋਂ 200 ਮੀਟਰ ਨਜ਼ਦੀਕ ਹੀ ਸੀ ਕਿ 4 ਲੋਕਾਂ ਨੇ ਉਸ ਨੂੰ ਘੇਰਾ ਪਾਇਆ ਅਤੇ 10 ਲੱਖ ਲੁੱਟ ਲਏ। ਪੀੜਤ ਕਰਮਚਾਰੀ ਨੇ ਦੱਸਿਆ ਕਿ ਉਹ ਬਾਈਕ ‘ਤੇ ਸਵਾਰ ਸੀ, ਚਾਰ ਲੁਟੇਰੇ ਆਏ ਅਤੇ ਉਨ੍ਹਾਂ ਨੇ ਪਹਿਲਾਂ ਉਸ ਤੋਂ ਬੈਗ ਖਿੱਚਿਆ ਫਿਰ ਜਦੋਂ ਉਸ ਨੇ ਨਹੀਂ ਦਿੱਤਾ ਤਾਂ ਦਾਤਰ ਦੇ ਨਾਲ ਹਮਲਾ ਕੀਤਾ, ਫਿਰ ਬੰਦੂਕ ਵਿਖਾਈ ਅਤੇ ਅੱਖਾਂ ਵਿੱਚ ਮਿਰਚਾਂ ਪਾਕੇ 10 ਲੱਖ ਲੈ ਕੇ ਫ਼ਰਾਰ ਹੋ ਗਏ । ਲੁਧਿਆਣਾ ਵਿੱਚ ਸਾਢੇ 8 ਕਰੋੜ ਦੀ ਲੁੱਟ ਦੀ ਵਾਰਦਾਤ ਵਿੱਚ ਵੀ ਲੁਟੇਰਿਆਂ ਨੇ ਮੁਲਾਜ਼ਮਾਂ ਦੀ ਅੱਖਾਂ ਵਿੱਚ ਮਿਰਚਾਂ ਪਾਇਆ ਸਨ।
ਛੁੱਟੀ ਦੀ ਵਜ੍ਹਾ ਕਰ ਕੇ ਕੈਸ਼ ਜ਼ਿਆਦਾ ਸੀ
ਪੀੜਤ ਮੁਲਾਜ਼ਮ ਮੁਤਾਬਕ ਹਰ ਰੋਜ਼ ਉਹ ਇਸੇ ਤਰ੍ਹਾਂ ਕੈਸ਼ ਬਾਈਕ ‘ਤੇ ਲੈ ਕੇ ਜਾਂਦਾ ਸੀ ਅਤੇ ਬੈਂਕ ਜਮਾ ਕਰਵਾਉਂਦਾ ਸੀ । ਸਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਦੀ ਵਜ੍ਹਾ ਕਰ ਕੇ ਉਸ ਕੋਲ ਕੈਸ਼ ਜ਼ਿਆਦਾ ਸੀ, ਉਹ 2 ਕੰਪਨੀਆਂ ਤੋਂ ਕੈਸ਼ ਲੈ ਕੇ ਤੀਜੀ ਵੱਲ ਜਾ ਰਿਹਾ ਸੀ, ਇਸ ਦੌਰਾਨ ਲੁਟੇਰਿਆਂ ਨੇ ਹਮਲਾ ਕਰ ਕੇ ਕੈਸ਼ ਲੁੱਟ ਲਿਆ। ਜਿਸ ਥਾਂ ‘ਤੇ ਇਹ ਵਾਰਦਾਤ ਹੋਈ, ਉਹ ਸੁੰਨਸਾਨ ਥਾਂ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਵਿਸ ਲਾਈਨ ਵਿੱਚ ਹੋਈ। ਲੁਟੇਰਿਆਂ ਨੇ ਪੀੜਤ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।
ਪੁਲਿਸ ਇਸ ਐਂਗਲ ਨਾਲ ਜਾਂਚ ਕਰ ਰਹੀ ਹੈ
ਪੁਲਿਸ ਨੂੰ ਸ਼ੱਕ ਹੈ ਕਿ ਜਿਸ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਨੇ ਪਹਿਲਾਂ ਕਈ ਵਾਰ ਰੇਕੀ ਕੀਤੀ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਵਿੱਚ ਕੋਈ ਕੰਪਨੀ ਦਾ ਮੁਲਾਜ਼ਮ ਵੀ ਸ਼ਾਮਲ ਹੋਏ, ਜਿਸ ਨੇ ਲੁਟੇਰਿਆਂ ਨੂੰ ਮੁਲਾਜ਼ਮ ਦੇ ਰੂਟ ਦਾ ਭੇਦ ਦਿੱਤਾ ਹੋਏ। ਇਸ ਤੋਂ ਇਲਾਵਾ ਜਿਸ ਥਾਂ ‘ਤੇ ਵਾਰਦਾਤ ਹੋਈ ਹੈ, ਉਸ ਰੋਡ ‘ਤੇ ਘੱਟੋ ਘੱਟ 1100 ਸੀਸੀਟੀਵੀ ਲੱਗੇ ਹਨ। ਪੁਲਿਸ ਸੀਸੀਟੀਵੀ ਨੂੰ ਵੀ ਖੰਘਾਲ ਰਹੀ ਹੈ, ਜਿਸ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ।