Punjab

ਹਾਈਕੋਰਟ ਕੋਟਰ ਨੇ ਇਸ ਮਾਮਲੇ ‘ਚ ਦਿੱਤੇ ਵੱਡੇ ਨਿਰਦੇਸ਼

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਸਸਪੈਂਸ ਬਣਿਆ ਹੋਇਆ ਹੈ । ਪਰਿਵਾਰ ਗ੍ਰਿਫਤਾਰੀ ਦਾ ਦਾਅਵਾ ਕਰ ਰਿਹਾ ਹੈ ਤਾਂ ਪੁਲਿਸ ਇਨਕਾਰ ਕਰ ਰਹੀ ਹੈ । ਇਸ ਦੌਰਾਨ ਵਾਰਿਸ ਪੰਜਾਬ ਦੇ ਲੀਗਲ ਐਡਵਾਇਜ਼ਰ ਇਮਾਨ ਸਿੰਘ ਖਾਰਾ ਵੱਲੋਂ ਹਾਈਕੋਰਟ ਵਿੱਚ HABEAS CORPUS ਪਟੀਸ਼ਨ ਦਾਖਲ ਕੀਤੀ ਗਈ । ਜਿਸ ਦੀ ਸੁਣਵਾਈ ਛੁੱਟੀ ਦੀ ਵਜ੍ਹਾ ਕਰਕੇ ਜਸਟਿਸ ਸ਼ੇਖਾਵਟ ਦੇ ਘਰ ਵਿੱਚ ਹੋਈ ਹੈ । HABEAS CORPUS ਪਟੀਸ਼ਨ ਪਾਕੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਗਲਤ ਤਰੀਕੇ ਨਾਲ ਡਿਟੇਨ ਕੀਤਾ ਗਿਆ ਹੈ ਜਦਕਿ ਕਾਨੂੰਨ ਦੇ ਮੁਤਾਬਿਕ 24 ਘੰਟੇ ਦੇ ਅੰਦਰ ਪੇਸ਼ੀ ਜ਼ਰੂਰੀ ਹੈ ਅਤੇ ਪਰਿਵਾਰ ਨੂੰ ਦੱਸਣਾ ਹੁੰਦਾ ਹੈ। ਵਕੀਲ ਨੇ ਇਲਜ਼ਾਮ ਲਗਾਇਆ ਕਿ ਸਾਨੂੰ ਡਰ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਮਿਲ ਕੇ ਉਨ੍ਹਾਂ ਦਾ ਐਨਕਾਊਂਟਰ ਕਰਨਾ ਚਾਉਂਦੀ ਹੈ । ਵਾਰਿਸ ਪੰਜਾਬ ਦੀ ਪਟੀਸ਼ਨ ‘ਤੇ ਪੰਜਾਬ ਦੇ ਏਜੀ ਵਿਨੋਦ ਘਈ ਪੇਸ਼ ਹੋਏ ਉਨ੍ਹਾਂ ਨੇ ਕਿਹਾ ਜਦੋਂ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ ਹੈ ਤਾਂ ਕਿਵੇਂ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।

ਸਰਕਾਰ 2 ਦਿਨ ਦੇ ਅੰਦਰ ਜਵਾਬ ਦੇਵੇ

ਸਰਕਾਰ ਦੇ ਜਵਾਬ ‘ਤੇ ਵਾਰਿਸ ਪੰਜਾਬ ਦੇ ਵਕੀਲ ਨੇ ਮੰਗ ਕੀਤੀ ਅੰਮ੍ਰਿਤਸਰ,ਜਲੰਧਰ ਦੇ SSP ਅਤੇ SHO ਨੂੰ ਇਸ ਕੇਸ ਵਿੱਚ ਪਾਰਟੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਪੇਸ਼ ਹੋਕੇ ਸਾਰਾ ਕੁਝ ਦੱਸਣ ਲਈ ਕਿਹਾ ਜਾਵੇ ਅਤੇ ਵਾਰੰਟ ਅਫਸਰ ਨਿਯੁਕਤ ਕੀਤਾ ਜਾਵੇ। ਵਕੀਲ ਨੇ ਕਿਹਾ ਸੋਸ਼ਲ ਮੀਡੀਆ ‘ਤੇ ਅਜਿਹੀ ਕਈ ਵੀਡੀਓ ਹਨ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਫੜੇ ਜਾਣ ਦੀ ਤਸਦੀਕ ਹੁੰਦੀ ਹੈ ਇਲ ਲਈ ਮਾਮਲੇ ਵਿੱਚ ਵਾਰੰਟ ਅਫਸਰ ਨਿਯੁਕਤ ਕੀਤਾ ਜਾਵੇ। ਅਦਾਲਤ ਨੇ ਵਾਰੰਟ ਅਫਸਰ ਨਿਯੁਕਤ ਕਰਨ ਦੀ ਮੰਗ ਤੋਂ ਇਨਕਾਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਦੇਕੇ ਜਵਾਬ ਮੰਗਿਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ 2 ਦਿਨਾਂ ਦੇ ਅੰਦਰ ਯਾਨੀ ਮੰਗਲਵਾਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ ।

IG ਦਾ ਬਿਆਨ

ਉਧਰ ਪੰਜਾਬ ਪੁਲਿਸ ਦੇ IG ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਕੁਝ ਲੋਕ ਬੇਵਜ੍ਹਾ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਮਹਿਤਪੁਰ ਵਿੱਚ ਨਾਕਾ ਲਗਾਇਆ ਸੀ, ਉੱਥੋਂ ਹੀ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਸੀ । ਰਸਤੇ ਵਿੱਚ ਸਾਰੇ ਸੀਸੀਟੀਵੀ ਵੀ ਲੱਗੇ ਸਨ । ਪੰਜਾਬ ਪੁਲਿਸ ਕਾਨੂੰਨ ਦੇ ਦਾਇਰੇ ਵਿੱਚ ਰਹਿਕੇ ਕੰਮ ਕਰਦੀ ਹੈ । ਜਦੋਂ ਵੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਵੇਗੀ ਦੱਸਿਆ। ਜਾਵੇਗਾ । ਉਨ੍ਹਾਂ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਨੂੰਨੀ ਕਾਰਵਾਈ ਦਾ ਪੂਰਾ ਮੌਕਾ ਦਿੱਤਾ ਜਾਵੇਗਾ ।