ਬਿਉਰੋ ਰਿਪੋਰਟ: ਖਡੂਰ ਸਾਹਿਬ ਤੋਂ ਆਜ਼ਾਦ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦੀ ਤਰੀਕ ਤੈਅ ਹੋ ਗਈ ਹੈ। ਫਰੀਦਕੋਟ ਤੋਂ ਆਜ਼ਾਦ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਸਹੁੰ ਚੁੱਕਣਗੇ।
ਸਰਬਜੀਤ ਸਿੰਘ ਮੁਤਾਬਕ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਆਗਿਆ ਦੇ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੂੰ ਸਪੀਕਰ ਦੇ ਕਮਰੇ ਵਿੱਚ ਹੀ ਸਹੁੰ ਚੁਕਵਾਈ ਜਾਵੇਗੀ।
ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ ਨੇ ਫ਼ੋਨ ’ਤੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਵੀ ਮੀਡੀਆ ਜ਼ਰੀਏ ਹੀ ਇਹ ਖ਼ਬਰ ਮਿਲੀ ਹੈ।
ਮਾਤਾ ਜੀ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣਾ ਸਰਕਾਰ ਦਾ ਫ਼ਰਜ਼ ਹੈ। ਬਲਕਿ ਉਨ੍ਹਾਂ ਨੂੰ ਪੰਜਾਬ ਦੇ ਬਾਕੀ 12 ਸਾਂਸਦਾਂ ਦੇ ਨਾਲ ਸੰਸਦ ਵਿੱਚ ਹੀ ਸਹੁੰ ਚੁਕਵਾਉਣੀ ਚਾਹੀਦੀ ਸੀ। ਇੱਕ ਸੈਸ਼ਨ ਵਿੱਚ ਗ਼ੈਰ-ਹਾਜ਼ਿਰ ਕਰ ਦਿੱਤਾ ਗਿਆ ਤੇ ਹੁਣ ਦੂਜੇ ਸੈਸਨ ਵਿੱਚ ਸਹੁੰ ਚੁਕਵਾਈ ਜਾ ਰਹੀ ਹੈ।
ਬੀਬੀ ਬਲਵਿੰਦਰ ਕੌਰ ਮੁਤਾਬਕ ਉਹ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਸਮੇਂ ਉਨ੍ਹਾਂ ਨਾਲ ਹਾਜ਼ਰ ਨਹੀਂ ਹੋਣਗੇ, ਪਰ ਉਨ੍ਹਾਂ ਕਿਹਾ ਕਿ ਇਸ ਬਾਰੇ ਸੋਚ-ਵਿਚਾਰ ਕਰ ਰਹੇ ਹਨ।
NSA ਵਧਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ’ਤੇ NSA ਲਾਉਣ ਬਾਰੇ ਕੋਈ ਪੁਖ਼ਤਾ ਸਬੂਤ ਨਹੀਂ ਹੈ, ਬਲਕਿ ਉਨ੍ਹਾਂ ਨੂੰ ਨਾਜਾਇਜ਼ ਫਸਾਇਆ ਗਿਆ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਨੂੰ NSA ਹਟਾਉਣੀ ਪਏਗੀ ਨਹੀਂ ਤਾਂ ਲੋਕ ਸੜਕਾਂ ’ਤੇ ਆਉਣਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ।